ਅੰਮ੍ਰਿਤਸਰ: ਸਾਲ 2018 ਵਿੱਚ ਦਸਹਿਰੇ ਦੇ ਦਿਨ ਵਾਪਰੇ ਹਾਦਸੇ ਦੇ ਮਾਮਲੇ ਵਿੱਚ ਜੀਆਰਪੀ ਨੇ ਮਿੱਠੂ ਮਦਾਨ ਸਣੇ ਦਸਹਿਰਾ ਕਮੇਟੀ ਦੇ 7 ਮੈਬਰਾਂ ਖਿਲਾਫ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਹੈ।
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 30 ਜੁਲਾਈ ਤੈਅ ਕਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਸਬੰਧੀ ਸੰਮਨ ਜਾਰੀ ਕੀਤੇ ਹਨ। ਜੀਆਰਪੀ ਨੇ ਦਸਹਿਰਾ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਸੌਰਵ ਮਦਾਨ ਉਰਫ ਮਿੱਠੂ ਮਦਾਨ, ਰਾਹੁਲ ਕਲਿਆਣ, ਦੀਪਕ ਕੁਮਾਰ, ਕਰਨ ਭੰਡਾਰੀ, ਕਾਬਲ ਸਿੰਘ, ਦੀਪਕ ਗੁਪਤਾ ਅਤੇ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਨੂੰ ਦੋਸ਼ੀ ਪਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਜੋੜੇ ਫਾਟਕ ਕੋਲ 2018 ਨੂੰ ਦੁਸਹਿਰੇ ਵਾਲੇ ਦਿਨ ਸ਼ਾਮੀਂ 6꞉30 ਵਜੇ ਦੇ ਕਰੀਬ ਹਾਦਸਾ ਵਾਪਰਿਆ। ਰਾਵਣ ਦਾ ਪੁਤਲਾ ਜਲਾਉਣ ਮੌਕੇ ਸਮਾਗਮ ਵਿਚ ਕਰੀਬ ਸੱਤ ਹਜ਼ਾਰ ਲੋਕ ਮੈਦਾਨ ਵਿਚ ਪਹੁੰਚੇ ਹੋਏ ਸਨ। ਜਿਸ ਮੌਕੇ ਹਾਦਸਾ ਹੋਇਆ ਡਾਕਟਰ ਨਵਜੋਤ ਕੌਰ ਸਿੱਧੂ ਮੰਚ ‘ਤੇ ਮੌਜੂਦ ਸਨ। ਫ਼ਾਟਕ ਰੇਲ ਪਟੜੀ ’ਤੇ ਖੜ੍ਹੇ ਹੋ ਕੇ ਦਸਹਿਰੇ ਦਾ ਪ੍ਰੋਗਰਾਮ ਦੇਖ ਰਹੇ 60 ਦੇ ਲਗਭਗ ਵਿਅਕਤੀ ਰੇਲ ਗੱਡੀ ਦੀ ਚਪੇਟ ’ਚ ਆ ਕੇ ਮਾਰੇ ਗਏ ਸਨ।