ਮਾਨਚੈਸਟਰ : ਤੁਰਕੀ ਦੀ ਇੱਕ ਉਡਾਣ ‘ਚ ਇਕ ਯਾਤਰੀ ਜੋ ਕਿ ਪੇਸ਼ੇ ਤੋਂ ਇੱਕ ਨਰਸ ਸੀ ਨੇ ਵੋਡਕਾ ਪੀਣ ਤੋਂ ਬਾਅਦ ਜਹਾਜ਼ ‘ਚ ਹੰਗਾਮਾ ਖੜ੍ਹਾ ਕਰ ਦਿੱਤਾ।ਦਰਅਸਲ ਥਾਮਸ ਕੁੱਕ ਏਅਰਲਾਇੰਸ ਦੀ ਉਡਾਣ ‘ਚ ਸਫਰ ਕਰ ਰਹੀ 29 ਸਾਲਾਂ ਕੈਥਰੀਨ ਹੇਸ ਨੇ ਆਪਣੀ ਸੀਟ’ ਤੇ ਬੈਠਦਿਆਂ ਵੋਡਕਾ ਦੀ ਪੂਰੀ ਬੋਤਲ ਖਤਮ ਕਰ ਲਈ। ਜਿਸ ਤੋਂ ਬਾਅਦ ਹੇਸ ਆਪਣਾ ਹੋਸ਼ ਗੁਆ ਬੈਠੀ ਅਤੇ ਫਲਾਈਟ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਇਹ ਉਡਾਣ ਮੈਨਚੇਸਟਰ ਏਅਰਪੋਰਟ ਤੋਂ ਅੰਟਾਲਯਾ ਜਾ ਰਹੀ ਸੀ।
ਬਾਅਦ ‘ਚ ਇਸ ਮਾਮਲੇ ‘ਚ ਅਦਾਲਤ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੇਸ਼ੇ ਵਜੋਂ ਇਕ ਵੈਟਰਨਰੀ ਨਰਸ ਕੈਥਰੀਨ ਜਹਾਜ਼ ‘ਚ ਸਫਰ ਕਰ ਰਹੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ‘ਤੇ ਨਸ਼ਾ ਕਰਨ ਉਪਰੰਤ ਚੀਕ ਰਹੀ ਸੀ। ਇਸ ਅਣਸੁਖਾਵੀਂ ਘਟਨਾ ਦੌਰਾਨ ਬੱਚੇ ਡਰ ਗਏ ਅਤੇ ਇੱਥੋਂ ਤਕ ਕਿ ਇਕ ਯਾਤਰੀ ਨੇ ਕਿਹਾ ਕਿ ਇਹ ਹਵਾਈ ਸਫਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਫਰ ਸੀ। ਕੈਥਰੀਨ ਹੇਸ ਦੇ ਵਕੀਲ ਨੇ ਕਿਹਾ ਕਿ ਹੇਜ਼ ਪਹਿਲਾ ਕਿਸੇ ਅਪਰਾਧ ‘ਚ ਦੋਸ਼ੀ ਨਹੀਂ ਪਾਈ ਗਈ ਹੈ ਅਤੇ ਉਹ ਆਪਣੇ ਕੀਤੇ ‘ਤੇ ਸ਼ਰਮਿੰਦਾ ਹੈ।
ਸੁਣਵਾਈ ਦੌਰਾਨ ਮਿਨਸ਼ੂਲ ਸਟ੍ਰੀਟ ਕਰਾਉਨ ਕੋਰਟ ਦੇ ਜੱਜ ਨੇ ਹੇਸ ਨੂੰ ਕਿਹਾ ਕਿ ਤੁਹਾਨੂੰ ਜੇਲ ਨਹੀਂ ਭੇਜਿਆ ਜਾ ਰਿਹਾ, ਪਰ ਆਪਣੇ ਵਰਤਾਉ ‘ਤੇ ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਹਾਲਾਂਕਿ ਇਸ ਘਟਨਾ ਦੇ ਬਾਵਜੂਦ ਦੋਸ਼ੀ ਔਰਤ ਕਿਸੇ ਤਰ੍ਹਾਂ ਜੇਲ੍ਹ ਤੋਂ ਬਚ ਨਿਕਲਣ ਵਿੱਚ ਸਫਲ ਹੋ ਗਈ।