ਨਵੀਂ ਦਿੱਲੀ: ਇਸ ਸਾਲ ਫਰਵਰੀ ਵਿੱਚ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਕੁਝ ਦੰਗਾਕਾਰੀ ਵਟਸਐਪ ਗਰੁੱਪ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ। ਪੁਲਿਸ ਵਲੋਂ ਅਦਾਲਤ ਵਿੱਚ ਦਰਜ ਕੀਤੀ ਗਈ ਇੱਕ ਚਾਰਜਸ਼ੀਟ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ‘ਜੈ ਸ੍ਰੀ ਰਾਮ’ ਨਾ ਕਹਿਣ ’ਤੇ ਉਨ੍ਹਾਂ ਨੇ 9 ਮੁਸਲਮਾਨਾਂ ਦਾ ਕਤਲ ਕਰ ਦਿੱਤਾ ਸੀ।
ਦੰਗਾਕਾਰੀ ਕੱਟੜ ਹਿੰਦੂਤਵ ਏਕਤਾ ਗੁਰੱਪ ਨਾਮ ਦੇ ਇੱਕ ਵਟਸਐਪ ਗਰੁੱਪ ਨਾਲ ਜੁੜੇ ਹੋਏ ਸਨ, ਜਿਸ ਨੂੰ 25 ਫਰਵਰੀ ਨੂੰ ਮੁਸਲਮਾਨਾਂ ਤੋਂ ਬਦਲਾ ਲੈਣ ਲਈ ਬਣਾਇਆ ਗਿਆ ਸੀ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਸ ਵਾਟਸਐਪ ਗਰੁੱਪ ਦੀ ਵਰਤੋਂ ਕਰ ਇੱਕ ਦੂੱਜੇ ਦੇ ਨਾਲ ਸੰਪਰਕ ਕਰਨ ਦੇ ਨਾਲ ਇਕ-ਦੂਜੇ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਾਉਣ ਲਈ ਕੀਤੀ ਸੀ। ਪੁਲਿਸ ਨੇ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਵਟਸਐਪ ਗਰੁੱਪ ਬਣਾਉਣ ਵਾਲਾ ਦੋਸ਼ੀ ਹਾਲੇ ਵੀ ਫਰਾਰ ਹੈ।
ਪੁਲਿਸ ਨੇ ਕਿਹਾ ਕਿ ਕੱਟੜ ਹਿੰਦੂਤਵ ਏਕਤਾ ਗੁਰੱਪ 25 ਫਰਵਰੀ ਨੂੰ 12:49 ਵਜੇ ਬਣਾਇਆ ਗਿਆ ਸੀ। ਸ਼ੁਰੁਆਤ ਵਿੱਚ ਇਸ ਗਰੁੱਪ ਵਿੱਚ 125 ਮੈਂਬਰ ਸਨ, ਇਸ 125 ‘ਚੋਂ ਕੁੱਲ 47 ਨੇ 8 ਮਾਰਚ ਤੱਕ ਗਰੁੱਪ ਛੱਡ ਦਿੱਤਾ ਸੀ ।
ਦਿੱਲੀ ਪੁਲਿਸ ਵੱਲੋਂ 29 ਜੂਨ ਨੂੰ ਮੁੱਖ ਮੈਟਰੋਪਾਲਿਟਨ ਮਜਿਸਟਰੇਟ ਵਿਨੋਦ ਕੁਮਾਰ ਗੌਤਮ ਦੇ ਸਾਹਮਣੇ 9 ਲੋਕਾਂ ਦਾ ਕਤਲ ਕਰਨ ਲਈ ਚਾਰਜਸ਼ੀਟ ਦਰਜ ਕੀਤੀ ਗਈ ਸੀ।