ਨਿਊਯਾਰਕ: ਅਮਰੀਕਾ-ਕੈਨੇਡਾ ਦੀ ਸਰਹੱਦ ਤੋਂ ਇੱਕ ਹੋਰ 26 ਸਾਲਾ ਪੰਜਾਬੀ ਨੌਜਵਾਨ ਨੂੰ 2 ਕਰੋੜ ਡਾਲਰ ਦੀ ਭੰਗ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡਾ ਰਹਿਣ ਵਾਲਾ ਪ੍ਰਭਜੋਤ ਨਾਗਰਾ ਆਪਣਾ ਟਰੱਕ ਲੈ ਕੇ ਅਮਰੀਕਾ ਜਾ ਰਿਹਾ ਸੀ ਜਦੋਂ ਪੀਸ ਬਿਜ ਐਂਟਰੀ ਪੋਰਟ ‘ਤੇ ਉਸ ਨੂੰ ਰੋਕਿਆ ਗਿਆ ਅਤੇ ਟਰੱਕ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਭੰਗ ਬਰਾਮਦ ਹੋਈ।
ਲਾਅ ਐਨਫੋਰਸਮੈਂਟ ਅਧਿਕਾਰੀਆਂ ਵੱਲੋਂ ਪ੍ਰਭਜੋਤ ਨਾਗਰਾ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਂਠ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਭਜੋਤ ਨਾਗਰਾ ਵਿਰੁੱਧ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਘੱਟੋ-ਘੱਟ 10 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਅਮਰੀਕਾ ਦੇ ਬਾਰਡਰ ਅਫ਼ਸਰਾਂ ਵੱਲੋਂ ਕਮਰਸ਼ੀਅਲ ਟਰੱਕ ਨੂੰ ਜਾਂਚ ਲਈ ਰੋਕਿਆ ਗਿਆ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਟਰੱਕ ਨੂੰ ਐਕਸਰੇਅ ਜਾਂਚ ਲਈ ਭੇਜਿਆ ਗਿਆ। ਜਿਸ ਤੋਂ ਬਾਅਦ ਇਸ ਨੂੰ ਪੀਸ ਬ੍ਰਿਜ ਵੇਅਰਹਾਊਸ ਵਿਚ ਲਿਜਾਇਆ ਗਿਆ ਤੇ ਤਲਾਸ਼ੀ ਲਈ ਗਈ। ਅਫ਼ਸਰਾਂ ਨੂੰ ਤਲਾਸ਼ੀ ਦੌਰਾਨ ਕਈ ਬੈਗ ਮਿਲੇ ਜਿਨ੍ਹਾਂ ‘ਚ ਸੀਲਬੰਦ ਪੈਕਟਾਂ ਵਿਚ ਭੰਗ ਹੀ ਭੰਗ ਭਰੀ ਹੋਈ ਸੀ ਜਿਸ ਦਾ ਕੁੱਲ ਵਜ਼ਨ ਲਗਭਗ ਇਕ ਹਜ਼ਾਰ ਕਿਲੋਂ ਨਿਕਲਿਆ। ਕੌਮਾਂਤਰੀ ਬਾਜ਼ਾਰ ਵਿਚ ਇਸ ਭੰਗ ਦੀ ਕੀਮਤ 20 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।
ਦਸ ਦਈਏ ਇਸ ਤੋਂ ਪਹਿਲਾਂ 21 ਸਾਲਾ ਅਰਸ਼ਦੀਪ ਸਿੰਘ 816 ਕਿੱਲੋ ਭੰਗ ਸਣੇ ਫੜਿਆ ਗਿਆ ਸੀ ਜਦਕਿ 30 ਸਾਲਾ ਗੁਰਪ੍ਰੀਤ ਸਿੰਘ ਕੋਲੋਂ ਡੇਢ ਟਨ ਤੋਂ ਵੱਧ ਭੰਗ ਬਰਾਮਦ ਕੀਤੀ ਗਈ ਸੀ।