ਨਵੀਂ ਦਿੱਲੀ : ਭਾਰਤ-ਚੀਨ ਤਣਾਅ ‘ਤੇ ਬੋਲਦਿਆਂ ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਹ ਸਮਾਂ ਰਾਸ਼ਟਰ ਦੇ ਰੂਪ ਵਿਚ ਇਕੱਠੇ ਖੜੇ ਹੋਣ ਤੇ ਇੱਕਜੁੱਟ ਹੋਣ ਦਾ ਹੈ। ਡਾ. ਮਨਮੋਹਨ ਸਿੰਘ ਨੇ ਗਲਵਾਨ ਘਾਟੀ ‘ਚ ਭਾਰਤ ਦੇ 20 ਫੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ।
ਡਾ. ਸਿੰਘ ਨੇ ਲੱਦਾਖ ‘ਚ ਚੀਨ ਨਾਲ ਗਤੀਰੋਧ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਹਾਲ ਹੀ ‘ਚ ਦਿੱਤੇ ਬਿਆਨ ਨੂੰ ਲੈ ਕੇ ਨਿਸ਼ਾਨੇ ‘ਤੇ ਲਿਆ ਅਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਦੀ ਚੋਣ ‘ਚ ਸਾਵਧਾਨ ਹੋਣ ਦੀ ਨਸੀਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਤਣਾਅ ਦੇ ਮੁੱਦੇ ‘ਤੇ ਬੀਤੇ ਸ਼ੁੱਕਰਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਮੀਟਿੰਗ ‘ਚ ਕਿਹਾ ਸੀ ਕਿ ਨਾ ਕੋਈ ਸਾਡੇ ਖੇਤਰ ‘ਚ ਦਾਖਲ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ ‘ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸ਼ਬਦਾਂ ਅਤੇ ਘੋਸ਼ਣਾਵਾਂ ਰਾਹੀਂ ਦੇਸ਼ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ‘ਤੇ ਪੈਣ ਵਾਲੇ ਪ੍ਰਭਾਵਾਂ ਦੇ ਪ੍ਰਤੀ ਹਮੇਸ਼ਾਂ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਡਾ. ਸਿੰਘ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਗੁੰਮਰਾਹਕੁੰਨ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਮੁੱਚੇ ਦੇਸ਼ ਨੂੰ ਇੱਕਜੁੱਟ ਅਤੇ ਇਕੱਠੇ ਹੋ ਕੇ ਇਸ ਹਮਲੇ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਹਾਨ ਕੁਰਬਾਨੀ ਲਈ ਇਨ੍ਹਾਂ ਦਲੇਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਧੰਨਵਾਦੀ ਹਾਂ, ਪਰ ਉਨ੍ਹਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਣੀ ਚਾਹੀਦੀ। ਡਾ. ਸਿੰਘ ਨੇ ਕਿਹਾ, “ਅੱਜ ਅਸੀਂ ਇਤਿਹਾਸ ਦੇ ਨਾਜ਼ੁਕ ਮੋੜ ‘ਤੇ ਖੜ੍ਹੇ ਹਾਂ। ਜੋ ਦੇਸ਼ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਦੇ ਮੋਢਿਆਂ ‘ਤੇ ਜ਼ਿੰਮੇਵਾਰੀ ਹੈ ਅਤੇ ਸਾਡੇ ਲੋਕਤੰਤਰ ‘ਚ ਇਹ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੈ।”