ਚੰਡੀਗੜ੍ਹ : ਸੂਬੇ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ‘ਚ ਹੀ ਅੱਜ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦੇ 9 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 521 ਹੋ ਗਈ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਫ਼ਾਜ਼ਿਲਕਾ ‘ਚ ਵੀ ਅੱਜ ਕੋਰੋਨਾ ਦੇ 6 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 3 ਔਰਤਾਂ ਅਤੇ 3 ਮਰਦ ਸ਼ਾਮਲ ਹਨ। ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਸਰਜਨ ਡਾ.ਸੀ.ਐਮ. ਕਟਾਰੀਆ ਨੇ ਦੱਸਿਆ ਕਿ ਇਨ੍ਹਾਂ 6 ਕੇਸਾਂ ਵਿਚੋਂ ਦੋ ਕੇਸ ਅਬੋਹਰ ਸ਼ਹਿਰ ਦੇ ਠਾਕਰ ਆਬਾਦੀ ਅਤੇ ਇੰਦਰਾ ਨਗਰੀ ਨਾਲ ਸਬੰਧਿਤ ਹਨ। ਉਨ੍ਹਾਂ ਨੇ ਦੱਸਿਆ ਕਿ ਠਾਕਰ ਆਬਾਦੀ ਵਿਚ ਦਿੱਲੀ ਤੋਂ ਵਾਪਸ ਪਰਤਿਆ ਇਕ 17 ਸਾਲਾ ਨੌਜਵਾਨ ਤੇ ਇੰਦਰਾ ਨਗਰੀ ਵਿਚ ਗੁਜਰਾਤ ਤੋਂ ਆਇਆ 42 ਸਾਲਾ ਵਿਅਕਤੀ ਕੋਰੋਨਾ ਪੀੜਿਤ ਪਾਇਆ ਗਿਆ ਹੈ। ਇਸੇ ਤਰਾਂ ਪਿੰਡ ਖਿਪਾਵਾਲੀ ਵਿਚ ਜੈਸਲਮੇਰ ਤੋਂ ਆਇਆ 15 ਸਾਲ ਦਾ ਲੜਕਾ ਕੋਰੋਨਾ ਪੀੜਿਤ ਪਾਇਆ ਗਿਆ ਹੈ, ਜਦਕਿ ਫ਼ਾਜ਼ਿਲਕਾ ‘ਚ ਵੀ 3 ਔਰਤਾਂ ਕੋਰੋਨਾ ਪਾਜ਼ੀਟਿਵ ਹਨ ਜੋ ਕਿ ਝੀਵਰ ਮੁਹੱਲੇ, ਰਾਧਾ ਸਵਾਮੀ ਕਾਲੋਨੀ ਅਤੇ ਅਨੰਦਪੁਰ ਮੁਹੱਲੇ ਨਾਲ ਸਬੰਧਿਤ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਔਰਤ ਸ਼੍ਰੀ ਗੰਗਾਨਗਰ ਤੋਂ ਆਈ ਸੀ ਅਤੇ ਦੋ ਔਰਤਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਈਆ ਸਨ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਵੀ ਅੱਜ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਿਲੇ ਨਵੇਂ ਮਾਮਲਿਆਂ ‘ਚ ਇੱਕ ਵਿਅਕਤੀ ਮਲੋਟ ਨਾਲ ਸਬੰਧਤ ਹੈ ਜੋ ਹਾਲ ਹੀ ‘ਚ ਯੂ.ਪੀ. ਤੋਂ ਪਰਤਿਆ ਹੈ ਅਤੇ ਇੱਕ ਵਿਅਕਤੀ ਗਿੱਦੜਬਾਹਾ ਦੇ ਸੁਭਾਸ਼ ਨਗਰ ਨਾਲ ਸਬੰਧਿਤ ਹੈ।
ਸੂਬੇ ‘ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 3950 ਤੋਂ ਪਾਰ ਚਲਾ ਗਿਆ ਹੈ। ਜਦੋਂਕਿ ਸੂਬੇ ਭਰ ‘ਚੋਂ 2658 ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸੂਬੇ ‘ਚ 980 ਮਾਮਲੇ ਅਜੇ ਵੀ ਸਰਗਰਮ ਹਨ ਅਤੇ 90 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ।