-ਅਵਤਾਰ ਸਿੰਘ
ਫ਼ਿਲਮੀ ਦੁਨੀਆ ਅਤੇ ਅਨੇਕ ਦਰਸ਼ਕਾਂ ਲਈ ਇਹ ਬਹੁਤ ਮੰਦਭਾਗੀ ਖ਼ਬਰ ਹੈ ਕਿ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਦੇ ਕਾਰਨ ਦਾ ਅਜੇ ਤਕ ਪਤਾ ਨਹੀਂ ਲੱਗਾ। ਪੁਲਿਸ ਜਾਂਚ ਕਰ ਰਹੀ ਹੈ। ਆਤਮ ਹੱਤਿਆ ਦੀ ਖ਼ਬਰ ਸੁਸ਼ਾਂਤ ਦੇ ਨੌਕਰ ਨੇ ਪੁਲਿਸ ਨੂੰ ਦਿੱਤੀ।
ਸੁਸ਼ਾਂਤ ਦਾ ਜਨਮ 21 ਜਨਵਰੀ, 1986 ਨੂੰ ਹੋਇਆ ਸੀ। ਉਹ ਬਿਹਾਰ ਦੇ ਪੂਰਨਿਆਂ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸੁਸ਼ਾਂਤ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਐਕਟਿੰਗ ਸਿੱਖਣੀ ਸ਼ੁਰੂ ਕੀਤੀ ਸੀ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਟੀ ਵੀ ਤੋਂ ਕੀਤੀ ਸੀ। ਕੁਝ ਸਾਲਾਂ ਤੋਂ ਵੱਡੇ ਪਰਦੇ ‘ਤੇ ਆਪਣੀ ਧਾਂਕ ਜਮਾ ਰਿਹਾ ਸੀ। ਥੀਏਟਰ ਤੋਂ ਬਾਅਦ ਫ਼ਿਲਮਾਂ ਵਿਚ ਇਕ ਹਰਮਨਪਿਆਰਾ ਚੇਹਰਾ ਉਭਰ ਕੇ ਸਾਹਮਣੇ ਆਇਆ ਸੀ।
ਸ਼ੁਰੂ ਵਿੱਚ ਪਿੱਠਵਰਤੀ ਡਾਂਸਰ ਵਜੋਂ ਕੰਮ ਕੀਤਾ। ਸੀਰੀਅਲ ਪਵਿੱਤਰ ਰਿਸ਼ਤੇ ਨੇ ਸ਼ੁਸ਼ਾਂਤ ਰਾਜਪੂਤ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ ਸੀ।
ਕਾਮਯਾਬੀ ਹਾਸਿਲ ਕਰਦੇ ਹੋਏ ਸੁਸ਼ਾਂਤ ਨੇ ਡਾਂਸ ਰਿਐਲਿਟੀ ਸ਼ੋਅ ‘ਜ਼ਰਾ ਨੱਚ ਕੇ ਦਿਖਾ’ ਅਤੇ ‘ਝਲਕ ਦਿਖਲਾ ਜਾ’ ਵਿੱਚ ਵੀ ਹਿੱਸਾ ਲਿਆ ਸੀ। ਸੁਸ਼ਾਂਤ ਸਿੰਘ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਟੀ ਵੀ ਲੜੀਵਾਰ ‘ਕਿਸ ਦੇਸ ਮੇਂ ਹੈ ਮੇਰਾ ਦਿਲ’ ਤੋਂ ਕੀਤੀ ਸੀ। ਸੁਸ਼ਾਂਤ ਨੇ ਸਿਨੇਮਾ ਵਿੱਚ ਵੀ ਆਪਣੀ ਪਛਾਣ ਕਾਇਮ ਕਰ ਲਈ ਸੀ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ ਕਾਇ ਪੋ ਚੇ ਤੋਂ ਬਾਅਦ ਆਮਿਰ ਖ਼ਾਨ ਦੀ ਸੁਪਰਹਿਟ ਫਿਲਮ ਪੀ ਕੇ ਵਿੱਚ ਵੀ ਬੇਹਤਰੀਨ ਅਦਾਕਾਰੀ ਕੀਤੀ ਸੀ। ਸੁਸ਼ਾਂਤ ਸਿੰਘ ਨੇ ਜਾਸੂਸੀ ਲੜੀਵਾਰ ‘ਬਿਓਮਕੇਸ਼ ਬਕਸ਼ੀ’, ਧੋਨੀ ਦੇ ਜੀਵਨ ‘ਤੇ ਬਣੀ ਫਿਲਮ, ‘ਛਿਛੋਰੇ’ ਵਰਗੀਆਂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਕ੍ਰਿਕਟਰ ਐੱਮਐੱਸ ਧੋਨੀ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ਵਿੱਚ ਨਿਭਾਏ ਕਿਰਦਾਰ ਲਈ ਉਨ੍ਹਾਂ ਨੂੰ ਫਿਲਮ ਫੇਅਰ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਵਿਗਿਆਨਿਕ ਫਿਲਮ ‘ਚੰਦਾ ਮਾਮਾ ਦੂਰ ਕੇ’ ਆਉਣ ਵਾਲੀ ਸੀ ਜੋ ਆਰਥਿਕ ਮਜਬੂਰੀਆਂ ਕਾਰਨ ਸਿਰੇ ਨਹੀਂ ਚੜ੍ਹ ਸਕੀ ਸੀ। ਰਿਪੋਰਟਾਂ ਮੁਤਾਬਿਕ ਸੁਸ਼ਾਂਤ ਸਿੰਘ ਰਾਜਪੂਤ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ਉੱਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ।
ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਸੁਸ਼ਾਂਤ ਨੇ ਕਾਫੀ ਸੰਘਰਸ਼ ਕਰਕੇ ਬਾਲੀਵੁੱਡ ਵਿੱਚ ਪੈਰ ਧਰਿਆ ਸੀ। ਸੁਸ਼ਾਂਤ ਦੇ ਪਿਤਾ ਪੂਰਨੀਆ ਵਿੱਚ ਖੇਤੀਬਾੜੀ ਦਾ ਧੰਦਾ ਕਰਦੇ ਹਨ। ਸੁਸ਼ਾਂਤ ਦੇ ਚਾਚਾ ਨੀਰਜ ਕੁਮਾਰ ਬਬਲੂ ਬਿਹਾਰ ਵਿੱਚ ਭਾਜਪਾ ਦੇ ਐਮ ਐੱਲ ਏ ਹਨ। ਇਸ ਤਰ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਵਲੋਂ ਨਿਭਾਈ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।