ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਕੇਂਦਰੀ ਕਾਨੂੰਨ ਮੰਤਰਾਲੇ ਦੇ ਤਿੰਨ ਹੋਰ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਕਾਨੂੰਨ ਮੰਤਰਾਲੇ ‘ਚ ਕੰਮ ਕਰਨ ਵਾਲੇ ਇੱਕ ਡਿਪਟੀ ਸੈਕਟਰੀ ਅਤੇ ਇੱਕ ਐਮਟੀਐਸ ਕਰਮਚਾਰੀ ਸਮੇਤ ਤਿੰਨ ਹੋਰ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ।
ਕਾਨੂੰਨ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਸੋਮਵਾਰ ਤੱਕ ਵਿਭਾਗ ਦੇ 5 ਕਰਮਚਾਰੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਕਾਨੂੰਨ ਮੰਤਰਾਲੇ ਨੇ ਆਪਣੇ ਬਿਆਨ ‘ਚ ਦੱਸਿਆ ਕਿ ਬੀਤੀ 5 ਜੂਨ ਨੂੰ ਵਿਭਾਗ ਦੇ ਡਿਪਟੀ ਸੈਕਟਰੀ ਅਤੇ ਐੱਮਟੀਐੱਸ ਮੈਂਬਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ ਇਕ ਸਹਾਇਕ (ਕਾਨੂੰਨ) 3 ਜੂਨ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ।
ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਡਿਪਟੀ ਸੈਕਟਰੀ ਅਤੇ ਐਮਟੀਐਸ ਮੈਂਬਰ ਆਖਰੀ ਵਾਰ 3 ਜੂਨ ਨੂੰ ਮੰਤਰਾਲੇ ਆਏ ਸਨ। ਜਦੋਂ ਕਿ ਸਹਾਇਕ (ਕਾਨੂੰਨ) ਆਖਰੀ ਵਾਰ 29 ਮਈ ਮੰਤਰਾਲੇ ਆਇਆ ਸੀ। ਇਸ ਤੋਂ ਪਹਿਲਾਂ ਵੀ ਇੱਕ ਸੰਯੁਕਤ ਸੈਕਟਰੀ ਪਿਛਲੇ ਦਿਨੀਂ ਕੋਰੋਨੋ ਤੋਂ ਸੰਕਰਮਿਤ ਪਾਇਆ ਗਿਆ ਸੀ ਅਤੇ ਪਿਛਲੇ ਮਹੀਨੇ ਮੰਤਰਾਲੇ ਦਾ ਇੱਕ ਹੋਰ ਕਰਮਚਾਰੀ ਸੰਕਰਮਿਤ ਪਾਇਆ ਗਿਆ ਸੀ। ਜਿਸ ਨਾਲ ਹੁਣ ਤੱਕ ਵਿਭਾਗ ਦੇ 5 ਕਰਮਚਾਰੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।
ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 2 ਲੱਖ 57 ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਅਤੇ 7200 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ‘ਚ ਭਾਰਤ ਦੁਨੀਆ ‘ਚ 5 ਸਥਾਨ ‘ਤੇ ਪਹੁੰਚ ਗਿਆ ਹੈ।