-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਸੁਨੀਲ ਦੱਤ 6 ਜੂਨ, 1929 ਨੂੰ ਪੈਦਾ ਹੋਇਆ ਸੀ ਤੇ ਠੀਕ ਪੰਜ ਸਾਲ ਬਾਅਦ ਉਸਦੇ ਪਿਤਾ ਦੀਵਾਨ ਰਘੁਨਾਥ ਦੱਤ ਦਾ ਦੇਹਾਂਤ ਹੋ ਗਿਆ ਸੀ ਤੇ ਮਾਂ ਕੁਲਵੰਤੀ ਦੇਵੀ ਦੀ ਘਾਲਣਾ ਅਤੇ ਆਪਣੀ ਸਖ਼ਤ ਮਿਹਨਤ ਸਦਕਾ ਸੁਨੀਲ ਬਾਲੀਵੁੱਡ ਵਿੱਚ ਆਪਣੇ ਨਾਂ ਦਾ ਸਿੱਕਾ ਜਮਾਉਣ ‘ਚ ਕਾਮਯਾਬ ਰਿਹਾ ਸੀ।
ਸੰਨ 1947 ਵਿੱਚ ਹੋਈ ਮੁਲਕ ਦੀ ਵੰਡ ਪਿੱਛੋਂ ਸੁਨੀਲ ਤੇ ਉਸਦਾ ਬਾਕੀ ਪਰਿਵਾਰ ਉਸ ਵਕਤ ਦੇ ਪੰਜਾਬ ਅਤੇ ਹੁਣ ਹਰਿਆਣਾ ‘ਚ ਪੈਂਦੇ ਪਿੰਡ ਮੰਡੋਲੀ ਵਿਖੇ ਆਣ ਵੱਸਿਆ ਸੀ। ਜਵਾਨੀ ਵੇਲੇ ਸੁਨੀਲ ਦੱਤ ਮੁੰਬਈ ਆ ਗਿਆ ਤੇ ਇੱਥੋਂ ਦੇ ਜੈ ਹਿੰਦ ਕਾਲਜ ‘ਚੋਂ ਬੀ.ਏ.ਕਰਨ ਪਿੱਛੋਂ ਮੁੰਬਈ ਦੀ ਬੈਸਟ ਨਾਮਕ ਬੱਸ ਕੰਪਨੀ ਵਿੱਚ ਕੰਡਕਟਰ ਵਜੋਂ ਨੌਕਰੀ ਕਰਨ ਲੱਗ ਪਿਆ। ਫਿਰ ਉਸਨੇ ਕੁਝ ਸਮਾਂ ਰੇਡੀਓ ਸਿਲੋਨ ‘ਤੇ ਬਤੌਰ ਅਨਾਊਂਸਰ ਵੀ ਕੰਮ ਕੀਤਾ ਤੇ ਫਿਰ ਸੰਨ 1955 ਵਿੱਚ ਫ਼ਿਲਮ ‘ਰੇਲਵੇ ਸਟੇਸ਼ਨ’ ਰਾਹੀਂ ਫ਼ਿਲਮੀ ਦੁਨੀਆਂ ਵਿੱਚ ਵੀ ਕਦਮ ਰੱਖ ਦਿੱਤਾ। ਇਸ ਤੋਂ ਬਾਅਦ ਉਸਨੇ ‘ਕੁੰਦਨ, ਰਾਜਧਾਨੀ, ਏਕ ਹੀ ਰਾਸਤਾ’ ਨਾਮਕ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਪਰ ਉਸਨੂੰ ਆਪਣੀ ਆਸ ਅਨੁਸਾਰ ਕਾਮਯਾਬੀ ਨਾ ਮਿਲੀ। ਸੰਨ 1957 ਵਿੱਚ ਫ਼ਿਲਮਕਾਰ ਮਹਿਬੂਬ ਖ਼ਾਨ ਦੀ ਸ਼ਾਹਕਾਰ ਫ਼ਿਲਮ ‘ਮਦਰ ਇੰਡੀਆ’ ਵਿੱਚ ਉਸ ਵੱਲੋਂ ਨਿਭਾਈ ਗਈ ਅਦਾਕਾਰਾ ਨਰਗਿਸ ਦੇ ਬਿਗੜੈਲ ਪੁੱਤਰ ਦੀ ਭੂਮਿਕਾ ਨੇ ਉਸਦੀ ਹਰ ਪਾਸੇ ਬੱਲੇ ਬੱਲੇ ਕਰਵਾ ਦਿੱਤੀ। ਬਸ ਫਿਰ ਕੀ ਸੀ ਇਸ ਕਾਮਯਾਬੀ ਤੋਂ ਬਾਅਦ ਉਸਨੇ ਹਿੱਟ ਫ਼ਿਲਮਾਂ ਦੀ ਝੜੀ ਲਗਾ ਦਿੱਤੀ।
ਆਪਣੀ ਜ਼ਬਰਦਸਤ ਤੇ ਜਜ਼ਬਾਤਪੂਰਨ ਅਦਾਕਾਰੀ ਨਾਲ ਸੁਨੀਲ ਦੱਤ ਨੇ ਆਪਣੀ ਹਰੇਕ ਫ਼ਿਲਮ ਵਿਚਲੇ ਆਪਣੇ ਕਿਰਦਾਰ ਨੂੰ ਯਾਦਗਾਰੀ ਬਣਾ ਦਿੱਤਾ ਸੀ। ਉਸਦੀਆਂ ਕੁਝ ਬੇਹੱਦ ਦਿਲਕਸ਼ ਫ਼ਿਲਮਾਂ ਵਿੱਚ-‘ ਨਾਗਿਨ,ਪ੍ਰਾਣ ਜਾਏ ਪਰ ਵਚਨ ਨਾ ਜਾਏ, ਸਾਧਨਾ, ਸੁਜਾਤਾ, ਮੁਝੇ ਜੀਨੇ ਦੋ, ਅਮਰਪਾਲੀ, ਗ਼ਜ਼ਲ, ਜਾਨੀ ਦੁਸ਼ਮਨ, 36 ਘੰਟੇ, ਜ਼ਖ਼ਮੀ, ਦਰਿੰਦਾ, ਕਾਲਾ ਧੰਦਾ ਗੋਰੇ ਲੋਗ, ਸ਼ਾਨ, ਰਾਜ ਤਿਲਕ, ਵਤਨ ਕੇ ਰਖਵਾਲੇ, ਪ੍ਰੰਪਰਾ, ਕਸ਼ੱਤਰੀਆ ਅਤੇ ਮੁੰਨਾ ਭਾਈ ਐਮ.ਬੀ.ਬੀ.ਐਸ. ਦੇ ਨਾਂ ਪ੍ਰਮੁੱਖ ਤੌਰ ‘ਤੇ ਲਏ ਜਾ ਸਕਦੇ ਹਨ।
ਅਦਾਕਾਰੀ ਤੋਂ ਇਲਾਵਾ ਸੁਨੀਲ ਦੱਤ ਨੇ ਫ਼ਿਲਮਾਂ ਦੇ ਨਿਰਮਾਣ ਤੇ ਨਿਰਦੇਸ਼ਨ ਵਿੱਚ ਵੀ ਹੱਥ ਅਜ਼ਮਾਇਆ ਸੀ। ਉਸਨੇ ‘ਦਰਦ ਕਾ ਰਿਸ਼ਤਾ, ਯਾਦੇਂ, ਰੌਕੀ ਅਤੇ ਯੇ ਆਗ ਕਬ ਬੁਝੇਗੀ’ ਆਦਿ ਚਰਚਿਤ ਫ਼ਿਲਮਾਂ ਵੀ ਬਣਾਈਆਂ ਸਨ। ‘ਰੌਕੀ’ ਰਾਹੀਂ ਉਸਨੇ ਆਪਣੇ ਪੁੱਤਰ ਸੰਜੇ ਦੱਤ ਨੂੰ ਬਾਲੀਵੁੱਡ ਵਿੱਚ ਪ੍ਰਵੇਸ਼ ਕਰਵਾਇਆ ਸੀ ਤੇ ਉਸ ਲਈ ਦੁੱਖ ਦੀ ਗੱਲ ਇਹ ਸੀ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਚੰਦ ਦਿਨ ਪਹਿਲਾਂ ਉਸਦੀ ਪਤਨੀ ਤੇ ਨਾਮਵਰ ਅਦਾਕਾਰਾ ਨਰਗਿਸ ਕੈਂਸਰ ਰੋਗ ਕਾਰਨ ਸਦੀਵੀ ਵਿਛੋੜਾ ਦੇ ਗਈ ਸੀ। ‘ਯਾਦੇਂ’ ਉਸਦੀ ਅਜਿਹੀ ਫ਼ਿਲਮ ਸੀ ਜਿਸ ਵਿੱਚ ਕੇਵਲ ਇੱਕ ਹੀ ਅਦਾਕਾਰ ਸੀ। ਇਸ ਫ਼ਿਲਮ ਲਈ ਉਸਨੂੰ ਬਿਹਤਰੀਨ ਫ਼ਿਲਮ ਦਾ ਕੌਮੀ ਪੁਰਸਕਾਰ ਵੀ ਹਾਸਿਲ ਹੋਇਆ ਸੀ। ਉਸਨੇ ‘ਮਨ ਜੀਤੇ ਜਗ ਜੀਤ, ਦੁਖ ਭੰਜਨ ਤੇਰਾ ਨਾਮ ਅਤੇ ਸਤਿ ਸ੍ਰੀ ਅਕਾਲ’ ਜਿਹੀਆਂ ਉਚਕੋਟੀ ਦੀਆਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਲਾਮਿਸਾਲ ਅਦਾਕਾਰੀ ਦੇ ਜੌਹਰ ਵੀ ਵਿਖਾਏ ਸਨ।
ਸੁਨੀਲ ਦੱਤ ਦਾ ਸੁਭਾਅ ਬੜਾ ਮਿੱਠਬੋਲੜਾ ਤੇ ਮਿਲਾਪੜਾ ਸੀ। ਸੰਨ 1982 ਵਿੱਚ ਉਸਨੂੰ ਮੁੰਬਈ ਦੇ ‘ਸ਼ੈਰਿਫ਼’ ਹੋਣ ਦਾ ਮਾਣ ਦਿੱਤਾ ਗਿਆ ਸੀ। ਉਸਨੇ ਲੋਕ ਸਭਾ ਦੀ ਚੋਣ ਵੀ ਜਿੱਤੀ ਸ੍ਰੀ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਖੇਡਾਂ ਅਤੇ ਯੁਵਕ ਮਾਮਲਿਆਂ ਦੇ ਮੰਤਰੀ ਬਣਨ ਦਾ ਫ਼ਖ਼ਰ ਵੀ ਹਾਸਿਲ ਕੀਤਾ। ‘ਖ਼ਾਨਦਾਨ ਅਤੇ ਮੁਝੇ ਜੀਨੇ ਦੋ’ ਆਦਿ ਫ਼ਿਲਮਾਂ ਲਈ ਉਸਨੂੰ ਫ਼ਿਲਮ ਫ਼ੇਅਰ ਦੇ ਸਰਬੋਤਮ ਅਦਾਕਾਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਨ 1965 ਵਿੱਚ ਪਦਮ ਸ੍ਰੀ ਨਾਲ ਨਿਵਾਜੇ ਜਾਣ ਤੋਂ ਇਲਾਵਾ ਬਾਅਦ ਦੇ ਵਰ੍ਹਿਆਂ ਵਿੱਚ ਉਸਨੂੰ ‘ਸਕਰੀਨ ਲਾਈਫ਼ਟਾਈਮ ਐਚੀਵਮੈਂਟ ਐਵਾਰਡ, ਜ਼ੀ ਸਿਨੇ ਲਾਈਫ਼ਟਾਈਮ ਐਚੀਵਮੈਂਟ ਐਵਾਰਡ ਅਤੇ ਫ਼ਿਲਮ ਫ਼ੇਅਰ ਲਾਈਫ਼ਟਾਈਮ ਐਚੀਵਮੈਂਟ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 25 ਮਈ, 2005 ਨੂੰ ਇਸ ਮਹਾਨ ਫ਼ਨਕਾਰ ਦਾ ਦੇਹਾਂਤ ਹੋ ਗਿਆ ਸੀ।
ਸੰਪਰਕ : 97816-46008