-ਇਕਬਾਲ ਸਿੰਘ ਲਾਲਪੁਰਾ
ਐਤਵਾਰ 3 ਜੂਨ, 1984 ਨੂੰ ਸਾਰਾ ਪੰਜਾਬ ਫੌਜ ਹਵਾਲੇ ਸੀ, ਮੁਕੰਮਲ ਕਰਫਿਊ ਲੱਗਾ ਹੋਇਆ ਸੀ। ਸ਼੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲ਼ਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ। ਸ਼ਹਿਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਸੀ। ਟੈਲੀਫੂਨ ਸਰਵਿਸ ਵੀ ਬੰਦ ਕਰ ਦਿੱਤੀ ਗਈ। ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਸੀ।
ਦਰਬਾਰ ਸਾਹਿਬ ਦੇ ਬਾਹਰੋਂ ਪਬਲਿਕ ਰਿਲੇਸ਼ਨ ਵੱਲੋਂ ਅੰਦਰ ਦੇ ਲੋਕਾਂ ਨੂੰ ਸਰੈਂਡਰ ਕਰਨ ਲਈ ਆਖਿਆ ਜਾ ਰਿਹਾ ਸੀ। ਲਾਉਡ ਸਪੀਕਰ ਦੀ ਬਹੁਤ ਘੱਟ ਆਵਾਜ਼ ਅੰਦਿਰ ਜਾ ਰਹੀ ਸੀ, ਇਸੇ ਕਰਕੇ ਬਹੁਤੇ ਲੋਕ ਬਾਹਰ ਨਹੀਂ ਆਏ। ਸਰਦਾਰ ਗੁਰਦਿਆਲ ਸਿੰਘ ਪੰਧੇਰ, ਉਸ ਸਮੇਂ ਦੇ ਡੀ ਆਈ ਜੀ, ਬੀ ਐਸ ਐਫ ਅੰਮਿ੍ਰਤਸਰ, ਵੱਲੋਂ ਜਰਨਲ ਕੇ ਐਸ ਬਰਾੜ ਦੇ ਹੁਕਮਾਂ ਨੂੰ ਵਿਚਾਰਨ ਦੀ ਗੱਲ ਕਹਿਣ ‘ਤੇ ਹੀ ਕਾਰਵਾਈ ਕਰ ਦਿੱਤੀ ਗਈ। ਫੌਜ ਹਮਲੇ ਦੀ ਕਾਹਲੀ ਵਿੱਚ ਸੀ ਸ਼ਾਇਦ ਬਰਾੜ ਸਾਹਿਬ ਦੂਜੇ ਵਿਆਹ ਦਾ ਹਨੀਮੂਨ ਵਿੱਚੇ ਛੱਡ ਕੇ ਮੇਰਠ ਤੋਂ ਆਏ ਹੋਏ ਸਨ।
ਸ਼੍ਰੀ ਅਪਾਰ ਸਿੰਘ ਬਾਜਵਾ ਡੀ ਐਸ ਪੀ ਸਿਟੀ ਅੰਮ੍ਰਿਤਸਰ ਨੂੰ ਦਰਬਾਰ ਸਾਹਿਬ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਮਨਾਉਣ ਲਈ ਭੇਜਿਆ ਗਿਆ, ਪਰ ਉਹ ਅਕਾਲੀ ਦਲ ਦੇ ਦਫਤਰ ਤੋਂ ਅੱਗੇ ਨਾ ਜਾ ਸਕਿਆ। ਕੇਂਦਰੀ ਖੁਫੀਆ ਏਜੰਸੀ ਦੇ ਅਧਿਕਾਰੀ ਵੀ ਟੈਲੀਫੂਨ ਬੰਦ ਹੋਣ ਕਰਕੇ ਸੰਤ ਭਿੰਡਰਾਵਾਲੇ ਨਾਲ ਸੰਪਰਕ ਨਾ ਕਰ ਸਕੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸੰਤ ਜਰਨੈਲ ਸਿੰਘ ਤੱਕ ਪਹੁੰਚ ਨਹੀਂ ਕਰ ਸਕੇ।
ਸਰਦਾਰ ਮਨਜੀਤ ਸਿੰਘ ਤਰਨ ਤਾਰਨੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਰੀਬੀਆਂ ਵਿੱਚ ਦਰਬਾਰ ਸਾਹਿਬ ਅੰਦਰ ਸਨ, ਟੈਲੀਫੂਨ ਸੁਨਣ ਦੀ ਜ਼ੁੰਮੇਵਾਰੀ ਤੇ ਤਾਲਮੇਲ ਦਾ ਕੰਮ ਵਿੱਚ ਸਹਿਯੋਗ ਕਰਦੇ ਸਨ।
ਗੋਲੀ ਬਾਹਰੋਂ ਫੌਜ ਵੱਲੋਂ ਚਲ ਰਹੀ ਸੀ, ਅੰਦਰੋਂ ਜਵਾਬ ਘੱਟ ਸੀ ਸ਼ਾਇਦ ਗੋਲੀ ਸਿੱਕਾ ਬਚਾਉਣ ਦੀ ਨੀਤੀ ਸੀ। ਅਜੀਬ ਇਤਫਾਕ ਹੈ ਕਿ ਸੰਤ ਜਰਨੈਲ ਸਿੰਘ ਨੂੰ ਸਰਡੰਰ ਕਰਾਉਣ ਜਾ ਗ੍ਰਿਫਤਾਰ ਕਰਨ ਲਈ ਫੌਜ ਤਿਆਰੀ ਕਰ ਰਹੀ ਸੀ, ਉਸਦੇ ਵਿਰੁੱਧ ਮੁਕੱਦਮਾ ਕੀ ਸੀ ?
1981 ਵਿੱਚ ਅਸਲਾ ਜਮ੍ਹਾ ਨਾ ਕਰਾਉਣ ਵਾਲੇ ਕੇਸ ਦੀ ਮੈਂ ਤਫ਼ਤੀਸ਼ ਕੀਤੀ, ਉਹ ਰਿਕਾਰਡ ਮੁਤਾਬਕ ਝੂਠਾ ਸੀ, ਕਿਉਂਕਿ ਉਸ ਲਸੰਸ ‘ਤੇ ਕੋਈ ਹਥਿਆਰ ਖ਼ਰੀਦਿਆ ਹੀ ਨਹੀਂ ਸੀ ਗਿਆ!
ਲਾਲਾ ਜਗਤ ਨਰਾਇਣ ਕਤਲ ਕੇਸ ਵਿੱਚ ਚੰਦੋ ਕਲਾਂ ਬੱਸਾਂ ਸਾੜੀਆਂ ਗਇਆ, ਸੰਤ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲ਼ਈ, ਅਗਲੇ ਦਿਨ ਗ੍ਰਿਫਤਾਰੀ ਕਰਨ ਲਈ, ਮਿਹਤੇ ਸੱਤ ਦਿਨ ਦੇ ਦਿੱਤੇ, 20 ਸਤੰਬਰ 1981 ਨੂੰ ਗ੍ਰਿਫਤਾਰੀ ਸਮੇਂ, 12 ਤੋਂ ਵੱਧ ਬੰਦੇ ਪੁਲਿਸ ਗੋਲੀ ਨਾਲ ਮਾਰ ਕੇ, 15 ਅਕਤੂਬਰ 1981 ਨੂੰ ਰਿਹਾਅ ਕਰ ਦਿੱਤਾ ਕਿਓਂਕਿ ਕੋਈ ਸਬੂਤ ਪੁਲਿਸ ਪੇਸ਼ ਨਹੀਂ ਕਰ ਸਕੀ। ਬਿਨਾ ਸਬੂਤਾਂ ਤੋਂ ਗ੍ਰਿਫ਼ਤਾਰੀ ਤੇ ਫੇਰ ਬਿਨਾ ਚਾਲਾਨ ਪੇਸ਼ ਕੀਤੇ ਰਿਹਾਈ, ਇਹ ਸੀ ਸਰਕਾਰੀ ਤੰਤਰ ਦੀ ਯੋਗਤਾ, ਘੱਲੂਘਾਰਾ ਕਰਨ ਦੀ ਤਿਆਰੀ ਤੇ ਮੁੱਖ ਦੋਸ਼ੀ ਵਿਰੁੱਧ ਮੁਕੱਦਮਾ ਇਕ ਵੀ ਨਹੀਂ ?
ਰਾਜਨੀਤੀ ਵੱਲ ਗੱਲਬਾਤ ਕਰਦੇ ਕਰਦੇ, ਇਕਦਮ ਫੌਜ ਚੜ੍ਹਾਈ, ਇਕ ਵੀ ਮੰਗ ਕੇਂਦਰ ਸਰਕਾਰ ਨੇ ਮੰਨ ਕੇ, ਮਾਹੌਲ ਸ਼ਾਂਤ ਕਰਨ ਵੱਲ ਕੋਈ ਉੱਦਮ ਨਹੀਂ ਕੀਤਾ।
ਇਹ ਸਵਾਲ ਆਉਣ ਵਾਲੀ ਪੀੜ੍ਹੀ ਲਈ ਬਣੇ ਰਹਿਣਗੇ ?
ਵਾਹਿਗੁਰੂ ਜੀ ਕੀ ਫ਼ਤਿਹ !!
ਸੰਪਰਕ: 9780003333
(ਇਹ ਲੇਖ ਲੜੀ ਹਰ ਰੋਜ਼ ਓਪੀਨੀਅਨ ਪੇਜ ‘ਤੇ ਪੜ੍ਹੋ)
ਇਹ ਵੀ ਪੜ੍ਹੋ: ਸੱਚ ਕੀ ਬੇਲਾ : ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ ਦੇ 36 ਸਾਲ ਪੂਰੇ !!