ਅੰਮ੍ਰਿਤਸਰ: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੱਦੇਨਜਰ ਸ੍ਰੀ ਦਰਬਾਰ ਸਾਹਿਬ ਅਤੇ ਆਸਪਾਸ ਦੇ ਖੇਤਰ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀਰਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸ਼ੁਰੂ ਹੋ ਗਏ ਹਨ। ਇਸ ਮੌਕੇ ਐਸਜੀਪੀਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਅਜਾਇਬ ਸਿੰਘ ਸਣੇ ਵੱਖ – ਵੱਖ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ। ਅਖੰਡ ਪਾਠ ਸਾਹਿਬ ਦੇ ਭੋਗ 6 ਜੂਨ ਨੂੰ ਪਾਏ ਜਾਣਗੇ ।
ਉਥੇ ਹੀ , ਪੁਲਿਸ ਕਮਿਸ਼ਰਨਰ ਡਾ. ਸੁਖਚੈਨ ਸਿੰਘ ਗਿੱਲ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਅਤੇ ਆਸਪਾਸ ਦੇ ਖੇਤਰਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਾਲ ਗੇਟ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਦੇ ਰਸਤੇ ‘ਤੇ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੀ ਲੋਕੇਸ਼ਨ ਜਾਂਚੀ ਗਈ। ਪੁਲਿਸ ਕਮਿਸ਼ਰਨਰ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਗਰੀ ਦੀ ਸੁਰੱਖਿਆ ਵਿਵਸਥਾ ਪੁਖਤਾ ਹੈ।