ਬਰੈਂਪਟਨ : ਅਮੋਨੀਆ ਲੀਕ ਹੋਣ ਤੋਂ ਬਾਅਦ ਬਰੈਂਪਟਨ ਦੇ ਮੇਪਲ ਲੌਜ ਫਾਰਮਜ਼ ਪਲਾਂਟ ਨੂੰ ਖਾਲੀ ਕਰਵਾ ਲਿਆ ਗਿਆ। ਇਸ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਹ ਜਾਣਕਾਰੀ ਬਰੈਂਪਟਨ ਫਾਇਰ ਸਰਵਿਸਿਜ਼ ਵੱਲੋਂ ਦਿੱਤੀ ਗਈ। ਕੈਮੀਕਲ ਲੀਕ ਹੋਣ ਦੀ ਖਬਰ ਦੇ ਕੇ ਸਵੇਰੇ 8:16 ਉੱਤੇ ਐਮਰਜੰਸੀ ਅਮਲੇ ਨੂੰ ਸਟੀਲਜ਼ ਐਵਨਿਊ ਵੈਸਟ ਦੇ ਉੱਤਰ ਵਿੱਚ ਵਿੰਸਟਨ ਚਰਚਿਲ ਬੋਲੀਵੀਆਰਡ ਸਥਿਤ ਫੈਸਿਲਿਟੀ ਉੱਤੇ ਸੱਦਿਆ ਗਿਆ।
ਪੁਲਿਸ ਤੇ ਫਾਇਰ ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਨਾਲ ਲੱਗਦੇ ਇਲਾਕੇ ਦੇ ਲੋਕਾਂ ਨੂੰ ਕੁੱਝ ਸਮੇਂ ਲਈ ਅੰਦਰ ਰਹਿਣ ਦੀ ਹੀ ਅਪੀਲ ਕੀਤੀ ਤਾਂ ਕਿ ਐਮਰਜੰਸੀ ਅਮਲੇ ਵੱਲੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਸਕੇ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅਹਿਤਿਆਤ ਲਈ ਕੀਤੀ ਗਈ ਇਸ ਅਪੀਲ ਨੂੰ ਦੁਪਹਿਰੇ 2:00 ਵਜੇ ਵਾਪਿਸ ਲੈ ਲਿਆ ਗਿਆ। ਐਕਟਿੰਗ ਪਲਾਟੂਨ ਦੇ ਚੀਫ ਡੇਵਿਡ ਵੈਨ ਹਿਊਟਨ ਨੇ ਦੱਸਿਆ ਕਿ ਇੰਜ ਲੱਗ ਰਿਹਾ ਸੀ ਕਿ ਮੇਨਟੇਨੈਂਸ ਦਾ ਕੰਮ ਕਰ ਰਹੇ ਇੱਕ ਵਰਕਰ ਵੱਲੋਂ ਗੈਸ ਲੈ ਕੇ ਜਾ ਰਹੀ ਪਾਈਪ ਵਿੱਚ ਸਕ੍ਰਿਊ ਪਾ ਦਿੱਤੇ ਜਾਣ ਤੋਂ ਬਾਅਦ ਅਮੋਨੀਆ ਰਿਸਣੀ ਸ਼ੁਰੂ ਹੋਈ।