ਚੰਡੀਗੜ੍ਹ: ਪੰਜਾਬ ਵਿੱਚ ਨਿਯਮਤ ਡਰਾਈਵਿੰਗ ਲਾਈਸੈਂਸ ਪਾਉਣ ਦੇ ਚਾਹਵਾਨ ਹੁਣ 1 ਜੂਨ ਤੋਂ ਡਰਾਈਵਿੰਗ ਸਕਿਲ ਟੈਸਟ ਦੇ ਸਕਣਗੇ। ਟਰਾਂਸਪੋਰਟ ਵਿਭਾਗ ਨੇ ਇਸ ਲਈ ਨਵੀਂ ਵਿਵਸਥਾ ਵੀ ਕੀਤੀ ਹੈ। ਇਸਦੇ ਤਹਿਤ ਟੈਸਟ ਦੇਣ ਵਾਲੇ ਵਿਅਕਤੀ ਨੂੰ ਟੈਸਟ ਦੇ ਸਮੇਂ ਅਤੇ ਤਾਰੀਖ ਦੀ ਪ੍ਰੀ-ਬੁਕਿੰਗ ਆਨਲਾਈਨ ਕਰਵਾਉਣੀ ਹੋਵੇਗੀ। ਬਿਨਾਂ ਪ੍ਰੀ- ਬੁਕਿੰਗ ਦੇ ਹੁਣ ਕੋਈ ਵੀ ਡਰਾਈਵਿੰਗ ਸਕਿਲ ਟੈਸਟ ਨਹੀਂ ਹੋਵੇਗਾ।
ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਜੇਕਰ ਕੋਈ ਵਿਅਕਤੀ ਬੁੱਕ ਕੀਤੇ ਗਏ ਸਮੇਂ ਤੇ ਮੌਜੂਦ ਨਹੀਂ ਹੁੰਦਾ ਤਾਂ ਟੈਸਟ ਸਬੰਧੀ ਸਮਾਂ ਦੁਬਾਰਾ ਬੁੱਕ ਕਰਵਾਉਣਾ ਹੋਵੇਗਾ। ਪ੍ਰੀ-ਬੁਕਿੰਗ ਲਈ ਵੈਬਸਾਈਟ www.sarathi.parivahan.gov.in ‘ਤੇ ਲਾਗ ਇਨ ਕਰ ਸਕਦੇ ਹੋ।
ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਟੈਸਟ ਦਾ ਨਤੀਜਾ ਅਤੇ ਲਾਈਸੈਂਸ ਬਣਾਉਣ ਸਬੰਧੀ ਪ੍ਰਕਿਰਿਆ ਇੱਕ ਹੀ ਦਿਨ ਦੇ ਅੰਦਰ ਸ਼ੁਰੂ ਕੀਤੀ ਜਾਵੇਗੀ। ਹਰ ਇੱਕ ਟ੍ਰੈਕ ‘ਤੇ ਉਪਲੱਬਧ ਸਲਾਟਸ ਦੀ ਗਿਣਤੀ 40 ਤੱਕ ਸੀਮਤ ਕਰ ਦਿੱਤੀ ਗਈ ਹੈ, ਜਿਸਦੇ ਨਾਲ ਕੋਵਿਡ-19 ਦੇ ਮੱਦੇਨਜਰ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਹੁਣ ਵਿਅਕਤੀ ਆਪਣੀ ਪ੍ਰੀਖਿਆ ਦੇਣ ਲਈ ਜਿਲ੍ਹੇ ਵਿੱਚ ਕਿਸੇ ਵੀ ਟ੍ਰੈਕ ਨੂੰ ਚੁਣ ਸਕੇਗਾ।