ਚੰਡੀਗੜ੍ਹ : ਬੀਤੀ ਕੱਲ੍ਹ ਹੋਈ ਕੈਬਨਟ ਮੀਟਿੰਗ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਿਹਤ ਪੜ੍ਹਾਈ ਦੀਆਂ ਫੀਸਾਂ ਵਿਚ ਕੀਤੇ ਗਏ ਵਾਧੇ ਦੀ ਜਿਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਨਿੰਦਾ ਕੀਤੀ ਗਈ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੀਟਿੰਗ ਦੌਰਾਨ ਲਏ ਗਏ ਫੇਂਸਲਿਆਂ ਤੋਂ ਨਰਾਜ਼ਗੀ ਜਾਹਰ ਕੀਤੀ ਹੈ । ਉਨ੍ਹਾਂ ਕਿਹਾ ਕਿ ਕੈਬਨਿਟ ਵੱਲੋਂ ਕਿਸਾਨਾਂ ਦੀਆਂ ਬੰਬੀਆਂ ਉੱਤੇ ਜੋ ਬਿੱਲ ਲਾਉਣ ਦਾ ਫੈਂਸਲਾ ਲਿਆ ਗਿਆ ਹੈ ਉਹ ” ਚਿੱਟੇ ਦਿਨ ਦਾ ਸਿਆਹ ਪਾਗਲਪਣ” ਹੈ। ਉਨ੍ਹਾਂ ਕਿਹਾ ਕਿ ਜਿਸ ਸਮੇ ਕੁਦਰਤੀ ਆਫ਼ਤਾਂ, ਸਰਕਾਰੀ ਲਾਪ੍ਰਵਾਹੀ ਅਤੇ ਆਰਥਿਕਤਾ ਦੇ ਉਤਾਰ ਚੜ੍ਹਾਓ ਨੇ ਕਿਸਾਨੀ ਦੀ ਕਮਰ ਤੋੜ ਦਿਤੀ ਹੈ ਉਸ ਸਮੇ ਕਾਂਗਰਸ ਸਰਕਾਰ ਕਿਸਾਨਾਂ ਤੇ ਬੋਝ ਪਾਉਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ।
ਛੋਟੇ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਰਕਾਰ ਵੱਲੋਂ 1997 ਵਿਚ ਕਿਸਾਨਾਂ ਨੂੰ ਬੰਬੀਆਂ ਦੀ ਮੁਫ਼ਤ ਬਿਜਲੀ ਦੀ ਸਹੂਲਤ ਦਿਤੀ ਗਈ ਸੀ ਅਤੇ ਕਾਂਗਰਸ ਸਰਕਾਰ ਦੇ ਇਸ ਫੈਂਸਲੇ ਨਾਲ ਕਿਸਾਨ ਇਸ ਸਹੂਲਤ ਤੋਂ ਵਾਂਝੇ ਹੋ ਜਾਣਗੇ । ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕਿਸਾਨ ਪੱਖੀ ਸੋਚ ਸਦਕਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਇਕਲੌਤੀ ਸਹੂਲਤ ਨੂੰ ਬੰਦ ਕਰਕੇ ਕਿਸਾਨਾਂ ਨੂੰ ਖਤਮ ਕਰਨ ਦੀਆਂ ਆਪਣੀਆਂ ਸਾਜ਼ਿਸ਼ਾਂ ਕਾਂਗਰਸੀਆਂ ਨੇ ਕਦੇ ਬੰਦ ਨਹੀਂ ਕੀਤੀਆਂ।