-ਅਵਤਾਰ ਸਿੰਘ
ਇਪਟਾ (Indian People’s Theatre Associstion) ਨਾਂ ਦੀ ਸੰਸਥਾ 25 ਮਈ 1943 ਨੂੰ ਮੁੰਬਈ ਵਿੱਚ ਲੋਕ ਪੱਖੀ,ਸਾਫ਼ ਸੁਥਰੇ ਤੇ ਨਰੋਏ ਸਭਿਆਚਾਰ ਦੇ ਵਿਕਾਸ,ਪ੍ਰਚਾਰ ਅਤੇ ਪ੍ਰਸਾਰ ਲਈ ਹੌਂਦ ਵਿਚ ਆਈ।
ਇਪਟਾ ਨੇ ਉਸ ਸਮੇਂ ਕਿਹਾ ਸੀ ਕਿ ਕਲਾ ਸਿਰਫ ਕਲਾ ਹੀ ਨਹੀਂ ਬਲਕਿ ਲੋਕਾਂ ਲਈ ਹੈ। ਇਸ ਦੇ ਪਹਿਲੇ ਪ੍ਰਧਾਨ ਐਚ ਐਮ ਜੋਸ਼ੀ ਸਨ ਤੇ ਮੁੱਢਲੇ ਮੈਂਬਰਾਂ ਵਿਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਖਵਾਜਾ ਅਹਿਮਦ ਅਬਾਸ, ਉਤਪਲ ਦੱਤ, ਪੰਡਤ ਰਵੀ ਸ਼ੰਕਰ, ਨਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ ਆਦਿ ਸਨ।
1946 ਵਿੱਚ ਇਪਟਾ ਵਲੋਂ ਬਣਾਈ ਪਹਿਲੀ ਫਿਲਮ ‘ਧਰਤੀ ਕੇ ਲਾਲ’ ਸੀ ਜਿਸ ਦਾ ਸਬੰਧ 1942 ਨੂੰ ਬੰਗਾਲ ਵਿੱਚ ਪਏ ਕਾਲ ਨਾਲ ਸੀ। ਦੂਜੀ ਜੰਗ ਵੇਲੇ ਅਨਾਜ ਬੰਗਾਲ ਦੇ ਲੋਕਾਂ ਨੂੰ ਦੇਣ ਦੀ ਬਜਾਏ ਫੌਜ ਲਈ ਰੱਖ ਲਿਆ ਗਿਆ ਸੀ। ਮੁਨਾਫੇਖੋਰਾਂ ਨੇ ਹਾਲਾਤ ਦਾ ਫਾਇਦਾ ਉਠਾਉਣ ਲਈ ਅਨਾਜ ਦੀ ਜਖ਼ੀਰਾਬਾਜੀ ਕਰ ਲਈ ਤੇ ਲੋਕ ਸੜਕਾਂ ਤੇ ਆ ਗਏ ਸਨ।
ਇਨ੍ਹਾਂ ਪ੍ਰੋਗਰਾਮਾਂ ਵਿੱਚ ਪੇਸ਼ ‘ਅੰਨ ਦਾਤਾ’ ਤੇ ‘ਜੁਬਾਨਬੰਦੀ’ ‘ਤੇ ਕਹਾਣੀ ‘ਨਥਾਣਾ’ ਦੇ ਅਧਾਰਤ ਤੇ ਅਹਿਮਦ ਅਬਾਸ ਨੇ ‘ਧਰਤੀ ਕੇ ਲਾਲ’ ਫਿਲਮ ਦੀ ਕਹਾਣੀ ਲਿਖੀ। ਇਸ ਵਿਚ ਕਲਾਕਾਰ ਬਲਰਾਜ ਸਾਹਨੀ, ਦਮਯੰਤੀ ਸਾਹਨੀ,ਰਸ਼ੀਦ ਅਹਿਮਦ, ਕੇ ਐਨ ਸਿੰਘ, ਜੌਹਰਾ ਸਹਿਗਲ, ਸ਼ੰਭੂ ਮਿਤਰਾ, ਸਨੇਹ ਲਤਾ ਆਦਿ ਅਤੇ ਗੀਤਕਾਰ ਪ੍ਰੇਮ ਧਵਨ, ਸਰਦਾਰ ਜਾਫਰੀ ਆਦਿ ਦੇ ਗੀਤ ਸਨ।
1961 ਨੂੰ ਤੇਰਾ ਸਿੰਘ ਚੰਨ ਨੇ ਲੋਕ ਗਾਇਕਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਜੋਗਿੰਦਰ ਬਾਹਰਲਾ, ਉਰਮਿਲਾ ਅਨੰਦ, ਹਰਨਾਮ ਨਰੂਲਾ, ਅਮਰਜੀਤ ਗੁਰਦਾਸਪੁਰੀ, ਪ੍ਰੀਤ ਮਾਨ, ਕੇ ਐਸ ਸੂਰੀ, ਡਾ ਇਕਬਾਲ ਕੌਰ, ਸ਼ੀਲਾ ਦੀਦੀ ਆਦਿ ਦੇ ਸਹਿਯੋਗ ਨਾਲ ਪੰਜਾਬ ‘ਚ ਇਪਟਾ ਦੀ ਨੀਂਹ ਰੱਖੀ ਗਈ। ਇਨ੍ਹਾਂ ਨੇ ਨਾਟ ਗੀਤਾਂ, ਉਪੇਰਿਆਂ ਦੀ ਥਾਂ ਨਾਟਕ ਗਤੀਵਿਧੀਆਂ ਨਾਲ ਪੰਜਾਬ ਦੇ ਸਭਿਆਚਾਰ ਵਿੱਚ ਤਬਦੀਲੀ ਲਿਆਂਦੀ।
ਇਪਟਾ ਦਾ ਗੜ੍ਹ ਗੁਰਬਖਸ਼ ਸਿੰਘ ਪ੍ਰੀਤ ਲੜੀ ਵਲੋਂ ਵਸਾਇਆ ਪ੍ਰੀਤ ਨਗਰ ਸੀ, ਜਿਥੇ ਰਹਿਸਲਾਂ ਹੁੰਦੀਆਂ ਸਨ। ਪੰਜਾਬ ਭਰ ‘ਚ ਲੱਚਰ, ਅਸ਼ਲੀਲ, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਟੀ ਵੀ ਚੈਨਲਾਂ, ਗੀਤਕਾਰਾਂ, ਗਾਇਕਾਂ ਤੇ ਮਿਊਜਿਕ ਕੰਪਨੀਆਂ ਖਿਲਾਫ ਭਰਾਤਰੀ ਜਥੇਬੰਦੀਆਂ, ਪੰਜਾਬ ਹਿਤੈਸ਼ੀਆਂ ਦੇ ਸਹਿਯੋਗ ਨਾਲ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵਲੋਂ ‘ਯਾਦਾਂ ਇਪਟਾਂ ਦੀਆਂ’ ਦੀ ਕਿਤਾਬ ਰਲੀਜ਼ ਕੀਤੀ ਜਾ ਚੁੱਕੀ ਹੈ। ਇਪਟਾ ਦਾ ਸਬੰਧ ਖੱਬੇਪੱਖੀ ਵਿਚਾਰਧਾਰਾ ਨਾਲ ਹੈ। ਦੂਜੇ ਰਾਜਾਂ ਵਾਂਗ ਪੰਜਾਬ ਵਿੱਚ ਇਪਟਾ ਦੇ ਸਾਥੀ ਇੰਦਰਜੀਤ ਬਿਟੂ ਰੂਪੋਵਾਲੀ ਸਮੇਤ ਹੋਰ ਨਾਟਕਕਾਰ ਸਰਗਰਮ ਹਨ।