ਅੰਮ੍ਰਿਤਸਰ: ਬਿੱਗ ਬਾਸ ਦੀ ਸਟਾਰ ਰਹੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਮੁਸ਼ਕਲਾਂ ‘ਚ ਘਿਰ ਗਏ ਹਨ। ਖਬਰਾਂ ਮੁਤਾਬਕ ਬਿਆਸ ਪੁਲਿਸ ਨੇ ਸੰਤੋਖ ਸਿੰਘ ਉਰਫ ਸੁਖ ਪ੍ਰਧਾਨ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਜਲੰਧਰ ਦੀ 40 ਸਾਲਾ ਪੀੜਤ ਮਹਿਲਾ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਦੋਸਤ ਨੂੰ ਮਿਲਣ ਸੁੱਖ ਪ੍ਰਧਾਨ ਦੇ ਘਰ ਪਹੁੰਚੀ ਸੀ ਤੇ ਉਸ ਨੇ ਗਨ ਪੁਆਇੰਟ ‘ਤੇ ਆਪਣੀ ਕਾਰ ‘ਚ ਉਸ ਦਾ ਬਲਾਤਕਾਰ ਕੀਤਾ। ਅਖਬਾਰ ‘ਚ ਛਪੀ ਰਿਪੋਰਟ ਮੁਤਾਬਕ ਇਹ ਘਟਨਾ 14 ਮਈ ਦੀ ਹੈ ਪਰ ਪੀੜਤਾ ਵੱਲੋਂ ਮੰਗਲਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਮਹਿਲਾ ਨੇ ਦੱਸਿਆ ਕਿ ਉਸਦੀ ਪਿਛਲੇ 12 ਸਾਲ ਤੋਂ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਵਾਸੀ ਜਲੰਧਰ ਦੇ ਨਾਲ ਦੋਸਤੀ ਹੈ। ਕੁੱਝ ਦਿਨ ਪਹਿਲਾਂ ਉਸ ਦੀ ਲੱਕੀ ਨਾਲ ਲੜਾਈ ਹੋ ਗਈ। ਉਸਨੂੰ ਪਤਾ ਚੱਲਿਆ ਕਿ ਉਸਦਾ ਦੋਸਤ ਸੰਤੋਖ ਸਿੰਘ ਉਰਫ ਸੁਖ ਪ੍ਰਧਾਨ ਵਾਸੀ ਅਜੀਤ ਨਗਰ ਬਿਆਸ ਦੇ ਘਰ ਰਹਿੰਦਾ ਹੈ। ਮਹਿਲਾ 14 ਮਈ ਨੂੰ ਲਗਭਗ ਸ਼ਾਮ 5:30 ਵਜੇ ਆਪਣੀ ਕਾਰ ‘ਚ ਸਹੇਲੀ ਨਾਲ ਸੁਖ ਪ੍ਰਧਾਨ ਦੇ ਘਰ ਬਿਆਸ ਪਹੁੰਚ ਗਈ।
ਸੁੱਖ ਪ੍ਰਧਾਨ ਆਪਣੇ ਘਰ ਦੇ ਬਾਹਰ ਉਨ੍ਹਾਂ ਦਾ ਇੰਤਜਾਰ ਕਰ ਰਿਹਾ ਸੀ ਤੇ ਉਸਨੂੰ ਲੱਕੀ ਨਾਲ ਮਿਲਵਾਉਣ ਦੇ ਨਾਮ ‘ਤੇ ਆਪਣੀ ਗੱਡੀ ਵਿੱਚ ਬੈਠਾ ਲਿਆ। ਦੋਸ਼ ਹੈ ਕਿ ਸੁੱਖ ਨੇ ਪੁਲ ਬਿਆਸ ਦੇ ਨੇੜ੍ਹੇ ਗਨ ਪੁਆਇੰਟ ‘ਤੇ ਉਸ ਦਾ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਉਹ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਹ ਉਸ ਦੀ ਸਹੇਲੀ ਦੇ ਕੋਲ ਛੱਡ ਗਿਆ। ਆਈਓ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ‘ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ ਪਰ ਉਹ ਜੋ ਫਰਾਰ ਚੱਲ ਰਿਹਾ ਹੈ।