ਅੰਮ੍ਰਿਤਸਰ: ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਖਰਚੇ ਚਲਾਉਣ ਲਈ ਸ਼ਰਾਬ ਦੇ ਠੇਕੇ ਖੋਲ੍ਹ ਸਕਦੀ ਹੈ ਤਾਂ ਗੁਰੂ ਘਰ ਕਿਉਂ ਨਹੀਂ? ਲੌਂਗੋਵਾਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਠੇਕੇ ਖੋਲ੍ਹ ਕੇ ਸਰਕਾਰ ਪੰਜਾਬ ‘ਚ ਨਸ਼ਿਆ ਖਿਲਾਫ ਇੰਝ ਲੜੇਗੀ? ਉਨ੍ਹਾਂ ਮੰਗ ਕੀਤੀ ਕਿ ਗੁਰੂ ਘਰਾਂ ਤੇ ਲਗਾਈ ਪਾਬੰਦੀ ਹਟਾਈ ਜਾਵੇ ਤੇ ਗੁਰੂ ਘਰ ਦੇ ਦਰਸ਼ਨਾਂ ਨਾਲ ਲੋਕਾਂ ਨੂੰ ਮਾਨਸਿਕ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਸੁਰੱਖਿਆ ਤੇ ਸਾਫ ਸਫਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਇਸ ਲਈ ਸ਼ਰਧਾਲੂਆਂ ਨੂੰ ਆਉਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ।
ਦੱਸ ਦਈਏ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਹਟਾਉਣ ਦੇ ਬਿਆਨ ਤੋਂ ਬਾਅਦ ਅੰਮਿ੍ਤਸਰ ‘ਚ ਸੰਗਤਾਂ ਨੇ ਆਮ ਵਾਂਗ ਘਰਾਂ ‘ਚੋਂ ਨਿਕਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੀਆਂ ਪਰ ਉਨ੍ਹਾਂ ਨੂੰ ਬਾਹਰੀ ਗੇਟ ਗਲਿਆਰੇ ‘ਤੇ ਪੁਲਿਸ ਮੁਲਾਜ਼ਮਾਂ ਨੇ ਰੋਕ ਦਿੱਤਾ ਕਿਉਕਿ ਹਾਲੇ ਤੱਕ ਸਰਕਾਰ ਵੱਲੋਂ ਧਾਰਮਿਕ ਸਥਾਨਾ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਐਤਵਾਰ ਨੂੰ ਸੰਗਤਾਂ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੀਆਂ ਰਹੀਆਂ ‘ਤੇ ਪੁਲਿਸ ਮੁਲਾਜ਼ਮ ਵੀ ਆਪਣੀ ਡਿਊਟੀ ਅਨੁਸਾਰ ਸੰਗਤਾਂ ਨੂੰ ਕਰਫਿਊ ਕਹਿ ਕੇ ਘਰਾਂ ਨੂੰ ਪਰਤਣ ਦਾ ਸੁਨੇਹਾ ਹੀ ਦਿੰਦੇ ਰਹੇ। ਇਥੇ ਇਹ ਵੀ ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 23 ਮਾਰਚ ਤੋਂ ਹੀ ਲਗਾਤਾਰ ਕਰਫਿਊ ਦਰਮਿਆਨ ਵੀ ਮਰਿਆਦਾ ਆਮ ਦੀ ਤਰ੍ਹਾਂ ਹੀ ਨਿਭਾਈ ਜਾਂਦੀ ਰਹੀ ਹੈ।