ਨਿਊਜ਼ ਡੈਸਕ : ਪੂਰੀ ਦੁਨੀਆ ਇਸ ਸਮੇਂ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਗ੍ਰਸਤ ਹੈ। ਵੱਖ-ਵੱਖ ਦੇਸ਼ ਇਸ ਦੇ ਸੰਕਰਮਣ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰਯੋਗ ਵੀ ਕਰ ਰਹੇ ਹਨ। ਬ੍ਰਿਟੇਨ ਨੇ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਪਹਿਚਾਣ ਕਰਨ ਲਈ ਇੱਕ ਅਜਿਹਾ ਟਰਾਇਲ ਸ਼ੁਰੂ ਕੀਤਾ ਹੈ ਜਿਸ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਸਨੀਫਰ ਡੌਗਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੀ ਪਛਾਣ ਕਰ ਸਕਦੇ ਹਨ। ਬ੍ਰਿਟੇਨ ਨੇ ਇਸ ਦੇ ਲਈ ਕੁੱਤਿਆਂ ਨੂੰ ਸਿਖਲਾਈ ਦੇਣੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਸਰਕਾਰ ਨੇ ਇਸ ਲਈ ਤਕਰੀਬਨ ਪੰਜ ਕਰੋੜ ਰੁਪਏ ਦੀ ਰਾਸ਼ੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਇੱਕ ਰਿਪੋਰਟ ਅਨੁਸਾਰ ਚੈਰੀਟੀ ਮੈਡੀਕਲ ਡਿਟੈਕਸ਼ਨ ਡੌਗਜ਼ ਦੁਆਰਾ ਕੁੱਤਿਆਂ ਨੂੰ ਪਹਿਲਾਂ ਤੋਂ ਹੀ ਕੈਂਸਰ, ਮਲੇਰੀਆ ਅਤੇ ਪਾਰਕਿਸੰਸ ਵਰਗੀਆਂ ਕੁਝ ਬਿਮਾਰੀਆਂ ਦੀ ਬਦਬੂ ਦਾ ਪਤਾ ਲਗਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਟਰਾਇਲ ਦੇ ਪਹਿਲੇ ਪੜਾਅ ਦੀ ਅਗਵਾਈ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਨਾਲ-ਨਾਲ ਚੈਰੀਟੀ ਅਤੇ ਡਰਹਮ ਯੂਨੀਵਰਸਿਟੀ ਕਰੇਗੀ। ਟਰਾਇਲ ਦੇ ਤਹਿਤ ਲੈਬਰਾਡੋਰ ਅਤੇ ਕਾਕਰ ਸਪੈਨਿਅਲ ਪ੍ਰਜਾਤੀ ਦੇ ਕੁੱਤਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਟਰਾਇਲ ਨਾਲ ਇਹ ਨਿਰਧਾਰਿਤ ਹੋ ਸਕੇਗਾ ਕਿ, ਕੀ ਇਹ ਸਨੀਫਰ ਡੌਗਜ਼ ਕੋਵਿਡ -19 ਸੰਕਰਮਿਤ ਵਿਅਕਤੀਆਂ ਦੀ ਪਹਿਚਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਣਗੇ।
ਟਰਾਇਲ ਦੇ ਪਹਿਲੇ ਪੜਾਅ ਵਿਚ ਲੰਦਨ ਦੇ ਹਸਪਤਾਲਾਂ ਵਿਚ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਜਾਵੇਗ ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਅਤੇ ਗੈਰ-ਸੰਕਰਮਿਤ ਲੋਕਾਂ ਦੀ ਬਦਬੂ ਤੋਂ ਨਮੂਨੇ ਇਕੱਠੇ ਕਰਨਗੇ। ਇਸ ਤੋਂ ਬਾਅਦ 6 ਕੁੱਤਿਆਂ ਨੂੰ ਨਮੂਨਿਆਂ ਤੋਂ ਵਾਇਰਸ ਦੀ ਪਛਾਣ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ।
ਬ੍ਰਿਟੇਨ ਦੇ ਮੰਤਰੀ ਲਾਰਡ ਬੇਥੇਲ ਦਾ ਕਹਿਣਾ ਹੈ ਕਿ ਕੁੱਤਿਆਂ ਨੂੰ ਸਿੱਖਿਅਤ ਕਰਨ ਦਾ ਇਹ ਟਰਾਇਲ ਜਾਂਚ ਰਣਨੀਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜੇਕਰ ਟਰਾਇਲ ਸਫਲ ਰਹਿੰਦਾ ਹੈ ਤਾਂ ਉਮੀਦ ਹੈ ਕਿ ਇਹ ਕੁੱਤੇ ਮਸ਼ੀਨ ਦੀ ਤੁਲਨਾ ‘ਚ ਕਿਤੇ ਜ਼ਿਆਦਾ ਤੇਜ਼ੀ ਨਾਲ ਨਤੀਜੇ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਸਿਖਿਅਤ ਕੁੱਤਾ ਇੱਕ ਘੰਟੇ ਵਿੱਚ ਲਗਭਗ 22 ਲੋਕਾਂ ਦੀ ਸਕ੍ਰੀਨਿੰਗ ਕਰ ਸਕਦਾ ਹੈ।