ਲੁਧਿਆਣਾ : ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਪੰਜਾਬ ਵਿਚ ਕੋਵਿਡ-19 ਲਈ ਮੁੱਖ ਮੰਤਰੀ ਰਾਹਤ ਫੰਡ ਲਈ ਸਹਾਇਤਾ ਰਾਸ਼ੀ ਦਾ ਚੈੱਕ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕਣਕ ਭਵਨ ਵਿਖੇ ਭੇਂਟ ਕੀਤਾ।
ਇਹ ਚੈੱਕ 72,55842 ਰੁਪਏ (72.56 ਲੱਖ) ਰਾਸ਼ੀ ਦਾ ਹੈ ਜੋ ਪੀ ਏ ਯੂ ਦੇ ਅਮਲੇ ਅਤੇ ਅਧਿਕਾਰੀਆਂ ਵਲੋਂ ਇੱਕਤਰ ਕੀਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਚਾਓ ਲਈ ਮੁੱਖ ਮੰਤਰੀ ਰਾਹਤ ਫੰਡ ਵਿਚ ਸਹਿਯੋਗ ਦੇਣ ਲਈ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਢਿੱਲੋਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਿਨਾਂ ਯੂਨੀਵਰਸਿਟੀ ਅਧਿਕਾਰੀਆਂ ਨੇ ਮਹੀਨੇ ਦੀ ਤਨਖਾਹ ਦਾ ਚੌਥਾ ਹਿੱਸਾ ਇਸ ਰਾਹਤ ਫੰਡ ਲਈ ਦਿੱਤਾ ਜਦਕਿ ਸਮੁੱਚੇ ਟੀਚਿੰਗ, ਨਾਨ-ਟੀਚਿੰਗ ਅਤੇ ਹੋਰ ਕਰਮਚਾਰੀਆਂ ਨੇ ਆਪਣੀ ਇਕ ਦਿਨ ਦੀ ਤਨਖਾਹ ਇਸ ਰਾਹਤ ਫੰਡ ਲਈ ਦਿੱਤੀ ਹੈ।ਇਸ ਤੋਂ ਇਲਾਵਾ ਪੀ ਏ ਯੂ ਦੇ ਕਰਮਚਾਰੀ ਆਪਣੇ ਪੱਧਰ ਤੇ ਕੈਂਪਸ ਵਿਚ ਉਸਾਰੀ ਨਾਲ ਜੁੜੇ ਪਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਰੋਜ਼ਾਨਾ ਵਸਤਾਂ ਦੇ ਰੂਪ ਵਿਚ ਵੀ ਸਹਿਯੋਗ ਕਰ ਰਹੇ ਹਨ
ਇਸ ਬਾਰੇ ਡਾ ਢਿੱਲੋਂ ਨੇ ਕਿਹਾ ਕਿ ਇਸ ਵੇਲੇ ਕੋਵਿਡ19 ਤੋਂ ਬਚਾਓ ਦੇ ਵਡੇਰੇ ਕਾਰਜ ਲਈ ਸਰਕਾਰ ਨੂੰ ਵੱਡੀ ਪੱਧਰ ਤੇ ਮਾਇਕ ਫੰਡਾਂ ਦੀ ਲੋੜ ਹੈ। ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਇਸ ਕਾਰਜ ਲਈ ਲਾਜਮੀ ਹੈ। ਪੀ ਏ ਯੂ ਨੇ ਇਤਿਹਾਸ ਵਿੱਚ ਵੀ ਦੇਸ਼ ਵਿਚ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਅੰਨ ਸੰਕਟ ਵਿਚੋਂ ਬਾਹਰ ਨਿਕਲਣ ਲਈ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਓ ਲਈ ਚਲ ਰਹੀ ਮੁਹਿੰਮ ਵਿਚ ਪੀ ਏ ਯੂ ਦਾ ਸਮੁੱਚਾ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਅਧਿਕਾਰੀ ਪੰਜਾਬ ਵਾਸੀਆਂ ਨਾਲ ਖੜ੍ਹੇ ਹਨ।
ਸ਼੍ਰੀ ਆਸ਼ੂ ਨੇ ਇਸ ਬਾਰੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਇਸ ਵਡਮੁੱਲੇ ਯੋਗਦਾਨ ਲਈ ਉਹ ਮਾਣਯੋਗ ਵਾਈਸ ਚਾਂਸਲਰ ਅਤੇ ਪੀ ਏ ਯੂ ਅਦਾਰੇ ਦੇ ਦਿਲੋਂ ਧੰਨਵਾਦੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ ਏ ਪੀ ਸਿਨ੍ਹਾ,ਖੁਰਾਕ ਅਤੇ ਸਿਵਲ ਸਪਲਾਈ ਦੇ ਨਿਰਦੇਸ਼ਕ ਆਨੰਦਿਤਾ ਮਿੱਤਰਾ, ਨਿਰਦੇਸ਼ਕ ਖੇਤੀਬਾੜੀ ਪੰਜਾਬ ਸ਼੍ਰੀ ਸੁਤੰਤਰ ਕੁਮਾਰ ਏਰੀ ਅਤੇ ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।