ਕਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡਾ ਦੀ ਖੇਤੀਬਾੜੀ ਇੰਡਸਟਰੀ ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਫੈਡਰਲ ਸਰਕਾਰ ਵੱਲੋਂ 252 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭਾਵੇਂ ਇਹ ਰਕਮ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ ਵੱਲੋਂ ਪਿਛਲੇ ਮਹੀਨੇ 2.6 ਬਿਲੀਅਨ ਡਾਲਰ ਦੀ ਮਦਦ ਲਈ ਕੀਤੀ ਗਈ ਅਪੀਲ ਤੋਂ ਕਿਤੇ ਘੱਟ ਹੈ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਰਕਮ ਤਾਂ ਸ਼ੁਰੂਆਤ ਹੈ। ਟਰੂਡੋ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਦੇ ਮਨਾਂ ਵਿੱਚ ਅਜੇ ਵੀ ਕਈ ਕਿਸਮ ਦੇ ਤੌਖਲੇ ਹਨ ਤੇ ਇਸ ਮਹਾਂਮਾਰੀ ਦੇ ਲੰਮੇਂ ਸਮੇਂ ਤੱਕ ਰਹਿਣ ਵਾਲੇ ਅਸਰ ਤੋਂ ਉਹ ਚਿੰਤਤ ਹਨ। ਪਰ ਸਰਕਾਰ ਲੰਮੇਂ ਸਮੇਂ ਤੱਕ ਕੀਤੇ ਜਾ ਸਕਣ ਵਾਲੇ ਹੱਲ ਲਈ ਹਰ ਸਬੰਧਤ ਵਿਅਕਤੀ ਨਾਲ ਸਲਾਹ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅਜੇ ਇਹ ਸ਼ੁਰੂਆਤੀ ਨਿਵੇਸ਼ ਹੈ ਤੇ ਜੇ ਸਾਨੂੰ ਹੋਰ ਰਕਮ ਦੇਣ ਦੀ ਲੋੜ ਪਈ ਤਾਂ ਅਸੀਂ ਦੇਵਾਂਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਤੇ ਸਪਲਾਇਰਜ਼ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।