ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਫਰੇਮ ਵਰਕ ਅਤੇ ਬਿਜਨਸ ਖੋਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਪੇਸ਼ ਕਰਨ ਤੋਂ ਬਾਅਦ ਐਲਾਨ ਕੀਤਾ ਗਿਆ ਹੈ ਕਿ ਕੁੱਝ ਬਿਜਨਸ ਅਦਾਰੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 4 ਮਈ ਤੋਂ ਦੁਬਾਰਾ ਕੰਮ ਕਰ ਸਕਣਗੇ। ਇਸ ਵਿੱਚ ਆਟੋ ਡੀਲਰਸ਼ਿਪ, ਜ਼ਰੂਰੀ ਨਿਰਮਾਣ ਪ੍ਰੋਜੈਕਟ, ਸ਼ਿਪਿੰਗ, ਲੌਜਿਸਟਿਕਸ,ਬ੍ਰਾਡਬੈਂਡ, ਕਮਿਊਨੀਕੇਸ਼ਨ, ਸਵੈ-ਸੇਵਾ ਵਾਲੀਆਂ ਕਾਰ ਵਾਸ਼ ਸੇਵਾਵਾਂ ਗਾਰਡਨਿੰਗ, ਪੋਸਟ ਸੈਕੰਡਰੀ ਸਕੂਲ ਅਤੇ ਯੂਨੀਵਰਸਿਟੀਆਂ ਸ਼ਾਮਲ ਹੋਣਗੀਆਂ। ਗੋਲਫ ਕੋਰਸ ਅਤੇ ਮਰੀਨਾਂ ਨੂੰ ਤਿਆਰ ਰਹਿਣ ਅਤੇ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਆਖਿਆ ਗਿਆ ਹੈ। ਪਰ ਫਿਲਹਾਲ ਇਨ੍ਹਾਂ ਨੂੰ ਲੋਕਾਂ ਲਈ ਨਹੀਂ ਖੋਲ੍ਹਿਆ ਗਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਰ ਦੇਸ਼ਾਂ ਦੀ ਤਰਾਂ ਕੈਨੇਡਾ ਵਿਚ ਵੀ ਅਰਥ ਵਿਵਸਥਾ ਕਾਫੀ ਜਿਆਦਾ ਧੀਮੀ ਗਤੀ ਨਾਲ ਚੱਲ ਰਹੀ ਹੈ ਜਿਸ ਕਾਰਨ ਸਰਕਾਰ ਵੱਲੋਂ ਵਪਾਰਕ ਅਦਾਰੇ ਖੋਲਣ ਦੀ ਗੱਲ ਆਖੀ ਗਈ ਹੈ। ਬੇਸ਼ਕ ਸਰਕਾਰ ਵੱਲੋਂ ਇਹ ਐਲਾਨ ਕਰ ਦਿਤਾ ਗਿਆ ਹੈ ਪਰ ਫਿਰ ਵੀ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਇਕ-ਦੂਜੇ ਨਾਲ ਸੰਪਰਕ ਘਟਾਉਣਾ ਪਵੇਗਾ। ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਪਵੇਗਾ। ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਪਵੇਗਾ ਕਿਉਂ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਇਕ ਮਰੀਜ਼ ਤੋਂ ਦੂਜੇ ਵਿਅਕਤੀ ਤੱਕ ਬੜੀ ਹੀ ਆਸਾਨੀ ਨਾਲ ਪਹੁੰਚਦੀ ਹੈ।