ਲੰਡਨ: ਬ੍ਰਿਟੇਨ ਵਿਚ ਇੱਕ ਫ਼ਰੰਟਲਾਈਨ ਸਿੱਖ ਡਾਕਟਰ ਨੂੰ ਸਿਰਫ਼ ਇਸ ਕਰ ਕੇ ਸੇਵਾ ਤੋਂ ਲਾਂਭੇ ਕਰ ਦਿਤਾ ਗਿਆ ਕਿਉਂਕਿ ਉਸ ਦੀ ਦਾੜੀ ਕਾਰਨ ਉਸਨੂੰ ਮਾਸਕ ਫਿਟ ਨਹੀਂ ਨਹੀਂ ਆ ਰਿਹਾ ਸੀ ਅਤੇ ਸਿਹਤ ਅਧਿਕਾਰੀ ਚਾਹੁੰਦੇ ਸਨ ਕਿ ਸਿੱਖ ਡਾਕਟਰ ਆਪਣੀ ਦਾੜੀ ਸ਼ੇਵ ਕਰ ਦੇਵੇ।
ਸਿੱਖ ਡਾਕਟਰਜ਼ ਐਸਸੀਏਸ਼ਨ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਨੇ ਹਸਪਤਾਲਾਂ ਦਾ ਪ੍ਰਬੰਧ ਸੰਭਾਲ ਰਹੇ ਟਰੱਸਟਾਂ ਤੇ ਅੱਖਾਂ ਮੀਚ ਕੇ ਮਾਸਕ ਅਤੇ ਪੀ.ਪੀ.ਈ. ਕਿਟਾਂ ਖਰੀਦਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੀ ਖਰੀਦ ਵੇਲੇ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਗਿਆ ਕਿ ਇਕ ਸਾਈਜ਼ ਹਰ ਕਿਸੇ ਨੂੰ ਫਿਟ ਨਹੀਂ ਆ ਸਕਦਾ।
ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਵੁਲਵਰਹੈਂਪਟਨ ਦੇ ਇਕ ਹਸਪਤਾਲ ਨਾਲ ਸਬੰਧਤ ਸਿੱਖ ਡਾਕਟਰ ਉਨ੍ਹਾਂ ਕੋਲ ਆਇਆ ਜੋ ਬਹੁਤ ਪਰੇਸ਼ਾਨ ਨਜ਼ਰ ਆ ਰਿਹਾ ਸੀ। ਸਿੱਖ ਡਾਕਟਰ ਨੂੰ ਦਾੜੀ ਸ਼ੇਵ ਕਰਨ ਦੇ ਹੁਕਮ ਦਿੱਤੇ ਗਏ ਸਨ ਤਾਂਕਿ ਐਫ਼ ਐਫ਼ ਪੀ-3 ਮਾਸਕ ਆਸਾਨੀ ਨਾਲ ਫਿੱਟ ਹੋ ਜਾਵੇ। ਸਿੱਖ ਡਾਕਟਰ ਨੇ ਜਦੋਂ ਅਜਿਹਾ ਕਰਨ ਤੋਂ ਨਾਂ ਕਰ ਦਿਤੀ ਤਾਂ ਉਸ ਨੂੰ ਫ਼ਰੰਟ ਲਾਈਨ ਸੇਵਾ ਤੋਂ ਲਾਂਭੇ ਕਰ ਦਿਤਾ।