ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਚੇਤਾਵਨੀ ਦਿੱਤੀ ਕਿ ਜਦੋਂ ਪਾਬੰਦੀਆਂ ਖਤਮ ਕੀਤੀਆਂ ਜਾਣਗੀਆਂ ਤਾਂ ਸਾਨੂੰ ਅਹਿਤਿਆਤ ਤੋਂ ਕੰਮ ਲੈਣਾ ਹੋਵੇਗਾ। ਆਪਣੀ ਰੋਜ਼ਾਨਾ ਵਾਲੀ ਬ੍ਰੀਫਿੰਗ ਵਿੱਚ ਟਰੂਡੋ ਨੇ ਆਖਿਆ ਕਿ ਹੁਣ ਤੱਕ ਅਸੀਂ ਜੋ ਕਦਮ ਚੁੱਕੇ ਹਨ ਉਹ ਕਾਰਗਰ ਸਿੱਧ ਹੋਏ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਨੂੰ ਠੱਲ੍ਹ ਪਈ ਹੈ। ਜੇ ਅਸੀਂ ਹੁਣ ਕਾਹਲੀ ਕਾਹਲੀ ਇਨ੍ਹਾਂ ਮਾਪਦੰਡਾਂ ਨੂੰ ਖਤਮ ਕਰ ਦਿੰਦੇ ਹਾਂ ਤਾਂ ਜਿੰਨੀ ਸਫਲਤਾ ਹੁਣ ਤੱਕ ਅਸੀਂ ਹਾਸਲ ਕੀਤੀ ਹੈ ਉਹ ਬੇਕਾਰ ਜਾਵੇਗੀ। ਉਨ੍ਹਾਂ ਆਖਿਆ ਕਿ ਇੱਕ ਪਾਸੇ ਜਿੱਥੇ ਪ੍ਰੋਵਿੰਸਾਂ ਵੱਲੋਂ ਆਪਣੇ ਲੋਕਾਂ ਨੂੰ ਆਮ ਵਾਲੇ ਹਾਲਾਤ ਵੱਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਫੈਡਰਲ ਸਰਕਾਰ ਵੀ ਪਾਬੰਦੀਆਂ ਨੂੰ ਹੌਲੀ ਹੌਲੀ ਹਟਾਉਣ ਵੱਲ ਵੱਧ ਰਹੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਆਮ ਵਰਗੇ ਹਾਲਾਤ ਰਾਤੋ ਰਾਤ ਨਹੀਂ ਹੋ ਸਕਦੇ। ਇਹ ਕਾਫੀ ਹੱਦ ਤੱਕ ਸਾਡੀ ਟੈਸਟ ਕਰਨ ਦੀ ਸਮਰੱਥਾ ਤੇ ਕਰੋਨਾਵਾਇਰਸ ਇਨਫੈਕਸ਼ਨਜ਼ ਨੂੰ ਟਰੇਸ ਕਰਨ ਦੀ ਸਾਡੀ ਕਾਬਲੀਅਤ ਉੱਤੇ ਨਿਰਭਰ ਕਰੇਗਾ। ਇਸ ਦੇ ਨਾਲ ਹੀ ਸਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਕੰਮ ਉੱਤੇ ਸਾਡੇ ਵਰਕਰ ਸੇਫ ਰਹਿਣ। ਪ੍ਰਧਾਨ ਮੰਤਰੀ ਮੁਤਾਬਕ ਫਰੰਟ ਲਾਇਨ ਵਰਕਰਾਂ ਨੂੰ ਜ਼ਰੂਰੀ ਸਮਾਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।