ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ‘ਚ ਹੋਰ ਰੋਜ਼ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ‘ਚ ਹੀ ਹੁਣ ਕੋਰੋਨਾ ਨੇ ਦਿੱਲੀ ਸਥਿਤ ਸਿਹਤ ਮੰਤਰੀ ਦੇ ਓਐਸਡੀ ਦੇ ਦਫਤਰ ‘ਚ ਵੀ ਦਸਤਕ ਦੇ ਦਿੱਤੀ ਹੈ। ਬੀਤੇ ਐਤਵਾਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਓਐਸਡੀ ਦਫਤਰ ਦਾ ਗਾਰਡ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਤੇ ਲੋਕ ਸਭਾ ਸਕੱਤਰੇਤ ‘ਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਘਟਨਾ ਤੋਂ ਬਾਅਦ ਸਿਹਤ ਮੰਤਰੀ ਦੇ ਓਐਸਡੀ ਸਮੇਤ 60 ਹੋਰ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਕੈਂਸਰ ਸੈਂਟਰ ਦੇ ਬਹੁਤ ਸਾਰੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਵੀ ਅਲੱਗ-ਅਲੱਗ ਰਹਿਣ ਦੀ ਹਦਾਇਤ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਗਾਰਡ ਮਰੀਜ਼ਾਂ ਨੂੰ ਦਿਖਾਉਣ ‘ਚ ਮਦਦ ਕਰਦਾ ਸੀ। ਦੱਸ ਦਈਏ ਕਿ ਓਐਸਡੀ ਦਾ ਦਫਤਰ ਏਮਜ਼ ਦੇ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ (ਪ੍ਰਬੰਧਕੀ) ਦੇ ਦਫਤਰ ਦੇ ਨਜ਼ਦੀਕ ਹੈ ਜਿਥੇ ਹਰ ਰੋਜ਼ ਡਾਕਟਰ ਅਤੇ ਕਰਮਚਾਰੀ ਆਉਂਦੇ ਜਾਂਦੇ ਰਹਿੰਦੇ ਹਨ। ਉੱਥੇ ਹੀ ਕੈਂਸਰ ਸੈਂਟਰ ਵਿਚ ਕੰਮ ਕਰਨ ਵਾਲੀ ਇਕ ਨਰਸ ਦੀ ਰਿਪੋਰਟ ਵੀ ਸ਼ਨੀਵਾਰ ਨੂੰ ਪਾਜ਼ਿਟਿਵ ਆਈ ਹੈ ਤੇ ਨਾਲ ਹੀ ਉਸ ਦੇ ਦੋ ਬੱਚੇ ਵੀ ਕੋਰੋਨਾ ਸੰਕਰਮਿਤ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਦਿੱਲੀ ਵਿਚ ਵੱਡੀ ਗਿਣਤੀ ਵਿਚ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਅੰਕੜਿਆਂ ਦੇ ਅਨੁਸਾਰ, ਹੁਣ ਤਕ ਦਿੱਲੀ ਦੇ ਵੱਡੇ ਹਸਪਤਾਲਾਂ ਵਿਚ ਕੰਮ ਕਰ ਰਹੇ ਲਗਭਗ 33 ਡਾਕਟਰ ਅਤੇ 84 ਸਿਹਤ ਕਰਮਚਾਰੀ ਸੰਕਰਮਿਤ ਹੋਏ ਹਨ। ਐਤਵਾਰ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ 826 ਤੱਕ ਪਹੁੰਚ ਗਈ ਹੈ, ਇਸ ਦੇ ਸੰਕਰਮਣ ਦੇ ਕੇਸਾਂ ਦੀ ਗਿਣਤੀ ਵਧ ਕੇ 26,917 ਹੋ ਗਈ ਹੈ। ਇਸ ਦੇ ਨਾਲ ਹੀ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 2 ਲੱਖ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ‘ਚ ਹਨ।