-ਜਗਤਾਰ ਸਿੰਘ ਸਿੱਧੂ
ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡਾਕਟਰੀ ਅਮਲੇ ਦੀ ਸੁਰੱਖਿਆ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਕਾਮਿਆਂ ‘ਤੇ ਹਮਲਾ ਕਰਨ ਵਾਲਿਆਂ ਲਈ ਗੈਰ-ਜਮਾਨਤੀ ਵਾਰੰਟ ਅਤੇ 7 ਸਾਲ ਤੱਕ ਦੀ ਸਜ਼ਾ ਦਾ ਫੈਸਲਾ ਲਿਆ ਗਿਆ ਹੈ। ਬੇਸ਼ੱਕ ਗ੍ਰਹਿ ਮੰਤਰਾਲੇ ਵੱਲੋਂ ਦੇਰੀ ਨਾਲ ਹੀ ਇਹ ਕਦਮ ਚੁੱਕਿਆ ਗਿਆ ਹੈ ਪਰ ਇਹ ਇਨ੍ਹਾਂ ਵੱਲੋਂ ਲਿਆ ਗਿਆ ਸਹੀ ਫੈਸਲਾ ਹੈ। ਮੈਡੀਕਲ ਖੇਤਰ ਦੀ ਐਸੋਸੀਏਸ਼ਨ ਵੱਲੋਂ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਸੁਰੱਖਿਆ ਲਈ ਪਿਛਲੇ ਕਈ ਦਿਨਾਂ ਤੋਂ ਮੰਗ ਕੀਤੀ ਜਾ ਰਹੀ ਸੀ ਪਰ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੋਈ ਬਿਆਨ ਨਾ ਦਿੱਤਾ ਗਿਆ। ਹੁਣ ਜਦੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਰੋਸ ਵਜੋਂ ਬਲੈਕ ਡੇਅ ਮਨਾਇਆ ਜਾਵੇਗਾ ਅਤੇ ਮੋਮਬੱਤੀਆਂ ਜਗਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਫੌਰੀ ਤੌਰ ‘ਤੇ ਹਰਕਤ ਵਿੱਚ ਆਏ ਅਤੇ ਫੈਸਲੇ ਵੀ ਲਏ ਗਏ। ਲੌਕਡਾਊਨ ਸ਼ੁਰੂ ਹੁੰਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਤਾੜੀਆਂ ਅਤੇ ਥਾਲੀਆਂ ਵਜਾ ਕੇ ਮਹਾਮਾਰੀ ਵਿਰੁੱਧ ਲੜ ਰਹੇ ਡਾਕਟਰਾਂ ਦਾ ਹੌਸਲਾ ਬਨਾਉਣ ਦਾ ਸੱਦਾ ਦਿੱਤਾ ਸੀ। ਇਸ ਦੇ ਬਾਵਜੂਦ ਸਮਾਜ ਵਿੱਚ ਸਿਹਤ ਅਮਲੇ ਵਿਰੁੱਧ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਡਾਕਟਰਾਂ ਦੇ ਮਕਾਨ ਮਾਲਕਾਂ ਵੱਲੋਂ ਡਾਕਟਰਾਂ ਨੂੰ ਮਕਾਨ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਬਦਕਿਸਮਤੀ ਨਾਲ ਕੋਰੋਨਾ ਵਿਰੁੱਧ ਲੜਾਈ ਲੜਨ ਵਾਲੇ ਦੋ ਡਾਕਟਰਾਂ ਦੀ ਮੌਤ ਹੋ ਗਈ ਤਾਂ ਚੇਨੱਈ ਅਤੇ ਮੇਘਾਲਿਆ ਅੰਦਰ ਸਥਾਨਕ ਲੋਕਾਂ ਵੱਲੋਂ ਡਾਕਟਰਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਦਾ ਵਿਰੋਧ ਕੀਤਾ ਗਿਆ। ਮ੍ਰਿਤਕ ਦੇਹ ਲੈ ਕੇ ਆਉਣ ਵਾਲੇ ਡਾਕਟਰਾਂ ਦੀ ਟੀਮ ਉੱਤੇ ਹਮਲੇ ਕੀਤੇ ਗਏ। ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਡਾਕਟਰਾਂ ਲਈ ਪੀ.ਪੀ.ਈ. ਅਤੇ ਹੋਰ ਲੋੜੀਂਦਾ ਸੁਰੱਖਿਆ ਸਮਾਨ ਮੁਹੱਈਆ ਨਾ ਕਰਵਾਉਣ ਦੀਆਂ ਸ਼ਿਕਾਇਤਾਂ ਆਈਆਂ। ਪੰਜਾਬ ਦੇ ਅੰਮ੍ਰਿਤਸਰ ਮੈਡੀਕਲ ਕਾਲਜ ‘ਚ ਡਾਕਟਰਾਂ ਨੇ ਮੈਡੀਕਲ ਸਿੱਖਿਆ ਦੇ ਕੈਬਨਿਟ ਮੰਤਰੀ ਕੋਲ ਰੋਸ ਪ੍ਰਗਟ ਕੀਤਾ ਤਾਂ ਮੰਤਰੀ ਨੇ ਉਨ੍ਹਾਂ ਨੂੰ ਯੂਨੀਅਨ ਦੀ ਚੌਧਰ ਕਰਨ ਵਾਲੇ ਨੇਤਾ ਆਖ ਕੇ ਝਾੜਿਆ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਮਹਾਮਾਰੀ ਦੇ ਸੰਕਟ ਵਿੱਚ ਡਾਕਟਰ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਖਤਰੇ ‘ਚ ਪਾ ਕੇ ਮਾਨਵਤਾ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਅਜਿਹੀ ਪ੍ਰਸਥਿਤੀ ਕੇਵਲ ਸਾਡੇ ਮੁਲਕ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਡਾਕਟਰ ਆਪਣੀ ਜ਼ਿੰਦਗੀ ਦਾ ਖਤਰਾ ਲੈ ਕੇ ਮਾਨਵਤਾ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਸਾਨੂੰ ਇਹ ਵੀ ਮਾਣ ਹੋਣਾ ਚਾਹੀਦਾ ਹੈ ਕਿ ਅਮਰੀਕਾ, ਕੈਨੇਡਾ ਅਤੇ ਹੋਰਾਂ ਮੁਲਕਾਂ ਅੰਦਰ ਪੰਜਾਬੀ ਅਤੇ ਭਾਰਤੀ ਡਾਕਟਰ ਵੀ ਮਾਨਵਤਾ ਨੂੰ ਬਚਾਉਣ ਲਈ ਲੜ ਰਹੇ ਹਨ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਹਨ। ਮਿਸਾਲ ਵਜੋਂ ਅਮਰੀਕਾ ਵਿੱਚ ਭਾਰਤੀ ਮੂਲ ਦੀ ਡਾਕਟਰ 61 ਸਾਲਾ ਮਾਧਵੀ ਕੋਰੋਨਾ ਮਹਾਮਾਰੀ ਦੀ ਲਿਪੇਟ ‘ਚ ਆ ਗਈ ਅਤੇ ਜ਼ਿੰਦਗੀ ਦੀ ਲੜਾਈ ਹਾਰ ਗਈ। ਆਖਰੀ ਸਮੇਂ ਉਹ ਆਪਣੀ ਧੀ ਅਤੇ ਪਤੀ ਨੂੰ ਅਲਵਿਦਾ ਵੀ ਨਾ ਆਖ ਸਕੀ। ਉਸ ਦੀ ਧੀ ਨੇ ਆਪਣੀ ਮਾਂ ਨੂੰ ਜਿਹੜਾ ਸੁਨੇਹਾ ਭੇਜਿਆ ਸੀ, ਉਹ ਬਹੁਤ ਹੀ ਭਾਵੁਕ ਹੈ। ਕਿਵੇਂ ਇੱਕ ਧੀ ਮਾਂ ਦੀ ਜ਼ਿੰਦਗੀ ਮੰਗਦੀ ਹੈ ਅਤੇ ਉਸ ਦਾ ਮਾਂ ਵਿੱਚ ਕਿੰਨਾ ਭਰੋਸਾ ਹੈ। ਉਹ ਸੋਚ ਵੀ ਨਹੀਂ ਸਕਦੀ ਕਿ ਮਾਂ ਤੋਂ ਬਗੈਰ ਜਿਉ ਸਕੇਗੀ। ਪਰ ਡਾਕਟਰ ਮਾਧਵੀ, ਮਾਨਵਤਾ ਨੂੰ ਬਚਾਉਣ ਦੀ ਆਪਣੀ ਆਖਰੀ ਲੜਾਈ ਹਾਰ ਗਈ। ਇੰਝ ਹੀ ਯੂ.ਕੇ. ਦੇ ਡਾਕਟਰ ਮਨਜੀਤ ਸਿੰਘ ਦਾ ਬੜ੍ਹਾ ਸਤਿਕਾਰ ਹੈ ਕਿ ਉਹ ਵੀ ਮਾਨਵਤਾ ਨੂੰ ਬਚਾਉਣ ਦੀ ਲੜਾਈ ਲੜਦਿਆਂ ਜ਼ਿੰਦਗੀ ਦੀ ਲੜਾਈ ਹਾਰ ਗਏ। ਕਿੰਨੇ ਹੋਰ ਬੇ-ਨਾਮ ਚਿਹਰੇ ਹੋਣਗੇ ਜਿਨ੍ਹਾਂ ਦਾ ਕਦੇ ਜ਼ਿਕਰ ਨਹੀਂ ਹੋਵੇਗਾ। ਪਰ ਮਾਨਵਤਾ ਨੂੰ ਬਚਾਉਣ ਲਈ ਲੜੀ ਜਾ ਰਹੀ ਲੜਾਈ ‘ਚ ਉਨ੍ਹਾਂ ਦਾ ਯੋਗਦਾਨ ਸਮੂਹਿਕ ਤੌਰ ‘ਤੇ ਸਦੀਵੀ ਚੇਤੇ ਰਹੇਗਾ। ਇਸ ਲੜਾਈ ਦੀ ਜਿੱਤ ਦਾ ਭਰੋਸਾ ਦੇਣ ਲਈ ਸਾਰੇ ਅੱਜ ਦੇ ਹੀਰੋ ਹਨ। ਇਸ ਸਭ ਦੇ ਬਾਵਜੂਦ ਮਾਨਵਤਾ ਦੀ ਲੜਾਈ ਲੜਨ ਵਾਲੇ ਜਦੋਂ ਸੁਰੱਖਿਆ ਦੀ ਮੰਗ ਕਰਦੇ ਹਨ ਤਾਂ ਸਮੁੱਚੇ ਸਿਸਟਮ ‘ਤੇ ਸੁਆਲ ਉੱਠਦੇ ਹਨ।
ਕੇਂਦਰ ਸਰਕਾਰ ਨੇ ਸਵਾ ਸੌ ਸਾਲ ਪੁਰਾਣੇ ਮਹਾਮਾਰੀ ਬਾਰੇ ਕਾਨੂੰਨ 1897 ਵਿੱਚ ਆਰਡੀਨੈਸ ਰਾਹੀਂ ਸੋਧ ਕੀਤੀ ਹੈ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕੇ ਹਨ ਪਰ ਕਾਨੂੰਨ ਤਾਂ ਇਸ ਦੇਸ਼ ਵਿੱਚ ਪਹਿਲਾਂ ਵੀ ਸੁਰੱਖਿਆ ਲਈ ਬਹੁਤ ਹਨ। ਸਵਾਲ ਤਾਂ ਕਾਨੂੰਨ ਨੂੰ ਅਮਲੀ ਰੂਪ ਦੇਣਾ ਹੈ। ਕਿਧਰੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੀਆਂ ਹਮਲਿਆਂ ਵਾਲੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਸਮਾਜ ਅੱਗੇ ਆਵੇ। ਕਾਨੂੰਨ ਅਨੁਸਾਰ ਚੇਨੱਈ ਦੇ ਮ੍ਰਿਤਕ ਡਾਕਟਰ ਦਾ ਸਸਕਾਰ ਰੋਕਣ ਵਾਲਿਆਂ ਵਿਰੁੱਧ ਕੇਸ ਦਰਜ ਹੋ ਗਿਆ ਹੈ ਪਰ ਸਮਾਜਿਕ ਤੌਰ ‘ਤੇ ਵੀ ਚੇਤੰਨਾ ਪੈਦਾ ਕਰਨ ਦੀ ਜ਼ਰੂਰਤ ਹੈ। ਡਾਕਟਰਾਂ ਸਮੇਤ ਮਾਨਵਤਾ ਦੀ ਸੇਵਾ ਵਿੱਚ ਲੱਗੀਆਂ ਧਿਰਾਂ ਬਾਰੇ ਨਜ਼ਰੀਆ ਸਹੀ ਹੋਵੇਗਾ ਤਾਂ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਸਮਾਜ ਵੀ ਤੰਦਰੁਸਤ ਹੋਵੇਗਾ। ਦੁਨੀਆ ‘ਚ ਕਈ ਦੇਸ਼ਾਂ ਦੇ ਡਾਕਟਰਾਂ ਦੀ ਇਹ ਵੀ ਰਾਇ ਹੈ ਕਿ ਇਹ ਨਾ ਕਿਹਾ ਜਾਵੇ ਕਿ ਡਾਕਟਰ ਯੁੱਧ ਲੜ ਰਹੇ ਹਨ ਕਿਉਂ ਜੋ ਯੁੱਧ ਦੇ ਤਾਂ ਅਰਥ ਹੀ ਹੋਰ ਹੁੰਦੇ ਹਨ! ਦੁਨੀਆ ‘ਚ ਯੁੱਧ ਮਨੁੱਖ ਵੱਲੋਂ ਇੱਕ ਧਿਰ ਨੂੰ ਬਚਾਉਣ ਲਈ ਦੂਜੇ ਮਨੁੱਖ ਨੂੰ ਮਾਰਨ ਲਈ ਲੜੇ ਗਏ। ਇਹ ਲੜਾਈ ਤਾਂ ਮਾਨਵਤਾ ਨੂੰ ਬਚਾਉਣ ਦੀ ਹੈ! ਸਿਹਤ ਸੇਵਾਵਾਂ ਹੁਣ ਸਰਕਾਰਾਂ ਦਾ ਪ੍ਰਮੁੱਖ ਏਜੰਡਾ ਬਨਣ! ਡਾਕਟਰਾਂ ਅਤੇ ਉਨ੍ਹਾਂ ਦੀਆ ਟੀਮਾਂ ਦੀ ਸੁਰੱਖਿਆ ਤਾਂ ਸਹੀ ਹੈ ਪਰ ਜੇਕਰ ਫ਼ੌਜੀ ਕੋਲ ਹਥਿਆਰ ਹੋਵੇਗਾ ਤਾਂ ਹੀ ਲੜੇਗਾ! ਸਿਹਤ ਅਤੇ ਇਸ ਖੇਤਰ ਦੀ ਖੋਜ ਲਈ ਬਜਟ ‘ਚ ਵਾਧਾ ਕਰਨਾ ਹੋਵੇਗਾ! ਨਿੱਜੀ ਖੇਤਰ ਦੇ ਨਾਲ-ਨਾਲ ਪਬਲਿਕ ਸੈਕਟਰ ਮਜ਼ਬੂਤ ਕੀਤੇ ਬਗੈਰ ਮਹਾਮਾਰੀਆਂ ਦਾ ਟਾਕਰਾ ਨਹੀਂ ਹੋ ਸਕੇਗਾ!
ਸਿਹਤ ਸੇਵਾਵਾਂ ਨੂੰ ਪਹਿਲ ਸਮੇਂ ਦੀ ਲੋੜ!
ਸੰਪਰਕ : 9814002186