ਲੰਡਨ:- ਸਿੱਖ ਪੰਥ ਨੂੰ ਉਸ ਵੇਲੇ ਇਕ ਹੋਰ ਵੱਢਾ ਝਟਕਾ ਲੱਗਾ ਜਦੋਂ ਇਹ ਖਬਰ ਆ ਗਈ ਕਿ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਸਹਾਇਕ ਸਕੱਤਰ ਸਤਨਾਮ ਸਿੰਘ ਵਿਰਦੀ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਦੱਸ ਦਈਏ ਕਿ ਸਤਨਾਮ ਸਿੰਘ ਵਿਰਦੀ ਇੰਗਲੈਂਡ ਰਹਿ ਰਹੇ ਸਨ ਅਤੇ ਸਿੱਖ ਸਰਗਰਮੀਆਂ ਵਿਚ ਉਹ ਆਪਣਾ ਖਾਸਾ ਯੋਗਦਾਨ ਪਾਉਂਦੇ ਸਨ। ਪੰਜਾਬ ਵਿਚ ਫਗਵਾੜਾ ਦੇ ਜੰਮਪਲ 67 ਸਾਲਾ ਸਤਨਾਮ ਸਿੰਘ ਵਿਰਦੀ 1970 ਵਿਚ ਬਰਤਾਨੀਆ ਆਏ ਸਨ। ਇਥੇ ਉਹ ਅਖੰਡ ਕੀਰਤਨੀ ਜੱਥੇ ਨਾਲ ਜੁੜੇ ਹੋਏ ਸਨ। ਉਹ ਰੈਣ-ਸਬਾਈ ਸਮਾਗਮਾਂ ਤੋਂ ਇਲਾਵਾ ਗੁਰਬਾਣੀ ਕੀਰਤਨ ਆਦਿ ਕਰਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ ਅਤੇ ਉਹ ਤੰਦਰੁਸਤ ਵੀ ਹੋ ਗਏ ਸਨ ਪਰ ਅਚਾਨਕ ਇਸ ਬਿਮਾਰੀ ਨੇ ਉਹਨਾਂ ਨੂੰ ਮੁੜ ਘੇਰ ਲਿਆ ਜਿਸ ਕਾਰਨ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ।ਉਹਨਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਉਹਨਾਂ ਦੇ ਅਕਾਲ ਚਲਾਣਾ ਤੋਂ ਬਾਅਦ ਉਹਨਾਂ ਦੇ ਸਾਕ-ਸਬੰਧੀਆਂ, ਦੋਸਤ-ਮਿੱਤਰਾਂ ਅਤੇ ਸਿੱਖ ਪੰਥ ਵਿਚ ਮਾਤਮ ਦਾ ਮਾਹੌਲ ਹੈ।