ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਦਾ ਸਭ ਤੋਂ ਵੱਡਾ ਪ੍ਰਕੋਪ ਇਸ ਸਮੇਂ ਅਮਰੀਕਾ ਹੰਢਾ ਰਿਹਾ ਹੈ। ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਥਿਤੀ ‘ਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰਮਜ਼ਾਨ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਦੇ ਨਾਮ ਇੱਕ ਖਾਸ ਸੰਦੇਸ਼ ਜਾਰੀ ਕੀਤਾ ਹੈ।
ਦੱਸ ਦਈਏ ਕਿ ਰਮਜ਼ਾਨ ਇਸ ਵੀਰਵਾਰ ਦੀ ਸ਼ਾਮ ਤੋਂ ਸ਼ੁਰੂ ਹੋਵੇਗਾ। ਇੱਕ ਹਫਤਾ ਪਹਿਲਾਂ ਈਸਟਰ ‘ਤੇ ਕੁਝ ਈਸਾਈਆਂ ਨੇ ਜਨਤਕ ਸਿਹਤ ਨਿਯਮਾਂ ਦਾ ਪਾਲਣ ਨਹੀਂ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ‘ਚ ਰਹਿੰਦੇ ਮੁਸਲਮਾਨ ਭਾਈਚਾਰੇ ਤੋਂ ਬਹੁਤ ਉਮੀਦ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਈਸਟਰ ਤਿਉਹਾਰ ਮੌਕੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਹੈ ਬਿਲਕੁਲ ਉਸ ਤਰ੍ਹਾਂ ਹੀ ਅਮਰੀਕੀ ਮੁਸਲਮਾਨ ਭਾਈਚਾਰ ਆਪਣੇ ਤਿਉਹਾਰ ਰਮਜ਼ਾਨ ਮੌਕੇ ਕਰੇਗਾ। ਰਾਸ਼ਟਰਪਤੀ ਟਰੰਪ ਨੇ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਰਮਜ਼ਾਨ ਦੌਰਾਨ ਸਾਰੇ ਮੁਸਲਮਾਨਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਪਵੇਗਾ।
ਅਮਰੀਕਾ ਇਸ ਸਮੇਂ ਕੋਰੋਨਾ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ 39 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7 ਲੱਖ 40 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਅਮਰੀਕਾ ਦਾ ਨਿਊਯਾਰਕ ਸ਼ਹਿਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮੌਤਾਂ ਦਾ ਅੰਕੜਾ 1 ਲੱਖ 60 ਹਜ਼ਾਰ ਤੋਂ ਟੱਪ ਗਿਆ ਹੈ ਤੇ 23 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਦੀ ਲਪੇਟ ‘ਚ ਹਨ।
ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ‘ਤੇ ਪਹਿਲਾਂ ਵੀ ਮੁਸਲਿਮ ਵਿਰੋਧੀ ਬਿਆਨਬਾਜ਼ੀ ਦੇ ਦੋਸ਼ ਲੱਗਦੇ ਆਏ ਹਨ। ਟਰੰਪ ਦੇ ਮੁਸਲਿਮ ਵਿਰੋਧੀ ਫੈਸਲਿਆਂ ‘ਚ ਇੱਕ ਫੈਸਲਾ ਵਧੇਰੇ ਗਿਣਤੀ ਵਾਲੇ ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਲਾਉਣਾ ਵੀ ਸ਼ਾਮਲ ਸੀ।