ਜਕਾਰਤਾ : ਇੰਡੋਨੇਸੀਆ ਦੇ ਸੁਮਾਤਰਾ ਵਿਚ ਇਕ ਸੋਨੇ ਦੀ ਖਦਾਨ ‘ਚ ਜ਼ਮੀਨ ਖਿਸਕਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪੱਛਮੀ ਸੁਮਾਤਰਾ ਸੂਬੇ ਦੇ ਦੱਖਣੀ ਸੋਲੋਕ ਵਿੱਚ ਬੀਤੇ ਸ਼ਨੀਵਾਰ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਸ ਸੋਨੇ ਦੀ ਖਦਾਨ ‘ਚ 12 ਵਿਅਕਤੀਆਂ ਦਾ ਇੱਕ ਸਮੂਹ ਸੋਨੇ ਦੀ ਖੁਦਾਈ ਕਰ ਰਿਹਾ ਸੀ ਕਿ ਐਨ ਉਸ ਮੌਕੇ ਜ਼ਮੀਨ ਖਿਸਕ ਗਈ ਜਿਸ ‘ਚ 9 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਸ ਖੇਤਰ ਵਿੱਚ ਬਸਤੀਵਾਦੀ ਦੌਰ ਤੋਂ ਬਹੁਤ ਸਾਰੀਆਂ ਖਦਾਨਾਂ ਮੌਜੂਦ ਹਨ। ਸੁਮਾਤਰਾ ਜ਼ਿਲ੍ਹੇ ਦੇ ਇੱਕ ਬੁਲਾਰੇ ਫਿਰਦੌਸ ਫਰਮਾਨ ਨੇ ਦੱਸਿਅ ਕਿ ਇਸ ਹਾਦਸੇ ‘ਚ ਅੱਠ ਪੁਰਸ਼ ਅਤੇ ਇਕ ਔਰਤ ਲੈਂਡਸਲਾਈਡ ਵਿਚ ਦੱਬ ਗਏ ਸਨ। ਲੈਂਡਸਲਾਈਡ ਮੌਕੇ ਦਬੇ ਤਿੰਨ ਵਿਅਕਤੀਆਂ ਨੇ ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਅੱਜ ਸਵੇਰੇ ਬਾਹਰ ਕੱਢ ਲਿਆ ਗਿਆ ਹੈ। ਪੀੜਤ ਸਥਾਨਕ ਕਿਸਾਨ ਸਨ ਜੋ ਬਿਨ੍ਹਾਂ ਸੁਰੱਖਿਆ ਉਪਕਰਣਾਂ ਤੋਂ ਨਜਾਇਜ਼ ਸੋਨੇ ਦੀ ਖੁਦਾਈ ਕਰ ਰਹੇ ਸੀ।
ਫਾਇਰਮੈਨ ਨੇ ਦੱਸਿਆ ਕਿ ਖੁਦਾਈ ਕਰਨ ਗਏ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੁਲੀਸ ਅਤੇ ਸਥਾਨਕ ਆਫ਼ਤਾ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 2019 ਦੇ ਸ਼ੁਰੂ ਵਿਚ ਉੱਤਰੀ ਸੁਲਾਵੇਸੀ ਦੇ ਬੋਲਾਨਗਾਗ ਮੋਂਗੋਂਡੋ ਖੇਤਰ ਵਿਚ ਜ਼ਮੀਨ ਖਿਸਕਣ ਨਾਲ ਘੱਟੋ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ‘ਚ ਕੋਰੋਨਾ ਦਾ ਪ੍ਰਕੋਪ ਵੀ ਜਾਰੀ ਹੈ। ਹੁਣ ਤੱਕ ਦੇਸ਼ ‘ਚ ਕੋਰੋਨਾ ਦੇ 6 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 550 ਤੋਂ ਵੱਧ ਲੋਕਾਂ ਦੀ ਮੌਤ ਇਸ ਮਹਾਮਾਰੀ ਨਾਲ ਹੋਈ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ 60 ਹਜ਼ਾਰ ਤੋਂ ਵੀ ਟੱਪ ਗਈ ਹੈ ਜਦਕਿ 23 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।