ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ 15 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਵਾਢੀ ਅਤੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ‘ਚ ਕਿਸਾਨਾਂ ਦੇ ਭੀੜ-ਭੜੱਕੇ ਨੂੰ ਕੰਟਰੋਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਇੱਕ ਵਾਰ ਫਿਰ ਚਿੱਠੀ ਲਿਖ ਕੇ 30 ਅਪ੍ਰੈਲ ਤੋਂ ਬਾਅਦ ਮੰਡੀਆਂ ‘ਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਮੰਗ ਦੁਹਰਾਈ ਹੈ।
ਕੈਪਟਨ ਅਮਰਿੰਦਰ ਨੇ ਕੇਂਦਰ ਤੋਂ 1 ਮਈ, 2020 ਤੋਂ ਬਾਅਦ ਮੰਡੀਆਂ ਵਿੱਚ ਕਣਕ਼ ਲਿਆਉਣ ਵਾਲੇ ਕਿਸਾਨਾਂ ਲਈ ਐਮ.ਐਸ.ਪੀ. ਤੋਂ ਇਲਾਵਾ 100 ਰੁਪਏ ਪ੍ਰਤੀ ਕੁਇੰਟਲ ਅਤੇ 31 ਮਈ ਤੋਂ ਬਾਅਦ ਕਣਕ ਲਿਆਉਣ ਵਾਲਿਆਂ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਦੱਸਿਆ ਕਿ ਸੂਬੇ ‘ਚ ਹਾੜ੍ਹੀ 2019-20 ਦੌਰਾਨ ਲਗਭਗ ਮਾਰਕੀਟ ਵਿੱਚ ਲਗਭਗ 13.5 ਮਿਲੀਅਨ ਮੀਟਰਕ ਟਨ ਕਣਕ ਆਉਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ‘ਚ ਅੱਗੇ ਲਿਖਿਆ ਕਿ ਕੋਵਿਡ-19 ਕਾਰਨ ਦੇ ਟਾਕਰੇ ਲਈ ਕਰਫਿਊ ਕਾਰਨ ਸੂਬੇ ‘ਚ ਕਣਕ ਦੀ ਵਾਢੀ ‘ਚ ਦੇਰੀ ਹੋਈ ਹੈ ਤੇ ਨਾਲ ਹੀ ਇਸ ਸਮੇਂ ਦੌਰਾਨ ਭਾਰੀ ਬਾਰਸ਼ ਅਤੇ ਗੜੇਮਾਰੀ ਦੇ ਨਤੀਜੇ ਵਜੋਂ ਵੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ।
ਕੈਪਟਨ ਅਮਰਿੰਦਰ ਨੇ ਚਿੱਠੀ ‘ਚ ਕਿਸਾਨਾਂ ਨੂੰ ਮਹਾਮਾਰੀ ਫੈਲਣ ਕਾਰਨ ਮਾਰਕਟਿੰਗ ਦੇ ਪ੍ਰਬੰਧਨ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇ ਖ਼ਰਚੇ ਦੀ ਲਾਗਤ ਨੂੰ ਸਹਿਣ ਲਈ ਆ ਰਹੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ ਹੈ।