ਨਿਊਜ਼ ਡੈਸਕ : ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ 2009 ਦੀ ਸਵਾਈਨ ਫਲੂ ਮਹਾਮਾਰੀ ਦੇ ਮੁਕਾਬਲੇ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ 10 ਗੁਣਾਂ ਜ਼ਿਆਦਾ ਘਾਤਕ ਹੈ। ਰਿਪੋਰਟਾਂ ਮੁਤਾਬਕ ਸਵਾਈਨ ਫਲੂ ਮਹਾਮਾਰੀ ਨਾਲ ਲਗਭਗ 2 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਜਦ ਕਿ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਵਿਸ਼ਵ ਪੱਧਰ ‘ਤੇ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਡਬਲਯੂਐੱਚਓ ਨੇ ਜੂਨ, 2009 ‘ਚ ਸਵਾਈਨ ਫਲੂ ਨੂੰ ਗਲੋਬਲ ਮਹਾਮਾਰੀ ਐਲਾਨਿਆਂ ਸੀ।
WHO ਦੇ ਮੁਖੀ ਟੇਡਰੋਸ ਐਡਮਨ ਗੈਬਰੀਜ ਨੇ ਕਿਹਾ ਹੈ ਕਿ ਇਕ ਪ੍ਰਭਾਵਸ਼ਾਲੀ ਵੈਕਸੀਨ ਹੀ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਪੂਰੀ ਤਰ੍ਹਾਂ ਰੋਕ ਸਕਦੀ ਹੈ ਅਤੇ ਪ੍ਰਭਾਵਸ਼ਾਲੀ ਵੈਕਸੀਨ ਤੋਂ ਬਿਨ੍ਹਾਂ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਪੂਰੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ।
ਵਿਸ਼ਵ ਪੱਧਰ ‘ਤੇ ਸਵਾਈਨ ਫਲੂ ਨਾਲ ਸੰਕਰਮਿਤ ਹੋਣ ਵਾਲੇ ਲੋਕਾਂ ‘ਚੋਂ 1.1 ਫੀਸਦੀ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ‘ਚ ਉਸ ਸਮੇਂ ਸਵਾਈਨ ਫਲੂ ਨਾਲ 0.2 ਫੀਸਦੀ ਤੇ ਬ੍ਰਿਟੇਨ ‘ਚ 0.3 ਫੀਸਦੀ ਮੌਤਾਂ ਹੋਈਆਂ ਸਨ। ਕੋਰੋਨਾ ਮਹਾਮਾਰੀ ਨਾਲ ਸੰਕਰਮਿਤ ਹੋਣ ਵਾਲੇ ਮਰੀਜ਼ਾਂ ‘ਚ ਮੌਤ ਦੀ ਦਰ ਫਿਲਹਾਲ ਅਲੱਗ ਅਲੱਗ ਦੇਸ਼ਾਂ ‘ਚ ਅਲੱਗ ਅਲੱਗ ਹੈ। ਬ੍ਰਿਟੇਨ ‘ਚ ਕੋਰੋਨਾ ਸੰਕਰਮਿਤ ਲੋਕਾਂ ‘ਚੋਂ 12 ਫੀਸਦੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ‘ਚ ਇਹ ਅੰਕੜਾ ਫਿਲਹਾਲ 0.1 ਫੀਸਦੀ ਅਤੇ ਅਮਰੀਕਾ ‘ਚ 4 ਫੀਸਦੀ ਹੈ। ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਔਸਤਨ ਮੌਤ ਦਰ ਫਿਲਹਾਲ 6.4 ਫੀਸਦੀ ਹੈ।
ਡਬਲਯੂਐਚਓ ਦੇ ਅਨੁਸਾਰ, ਵਿਸ਼ਵ ਵਿੱਚ 22073 ਸਿਹਤ ਕਰਮਚਾਰੀ ਕੋਵਿਡ -19 ਤੋਂ ਸੰਕਰਮਿਤ ਹੋਏ ਹਨ। ਮੁੱਢਲੇ ਅੰਕੜਿਆਂ ਦੇ ਅਧਾਰ ਤੇ ਇਹ ਪਾਇਆ ਗਿਆ ਹੈ ਕਿ ਸਿਹਤ ਕਰਮਚਾਰੀ ਕੰਮ ਦੌਰਾਨ ਜਾਂ ਕਮਿਊਨਿਟੀ ਵਿੱਚ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਸੰਕਰਮਿਤ ਹੋਏ ਹਨ। ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 19 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ।