-ਅਵਤਾਰ ਸਿੰਘ
ਡਾ ਅੰਬੇਦਕਰ ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮਾਤਾ ਭੀਮਾ ਬਾਈ ਦੀ ਕੁਖੋਂ ਸੂਬੇਦਾਰ ਰਾਮ ਸਕਾਪਨ ਅੰਬੇਦਕਰ ਦੇ ਘਰ ਹੋਇਆ।ਉਹ ਅਛੂਤ ਜਾਤੀ ‘ਮਾਹਰ’ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਤੇ ਦਾਦਾ ਜੀ ਨੇ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕੀਤੀ।
ਮਹਾਰਾਸ਼ਟਰ ਦੇ ਸਿਤਾਰਾ ਦੇ ਸਕੂਲ ਵਿੱਚ ਪੜ੍ਹਨ ਸਮੇਂ ਉਹ ਕਮਰੇ ਦੀ ਨੁੱਕਰ ਵਿਚ ਵੱਖਰੇ ਹੋ ਕੇ ਫਰਸ਼ ‘ਤੇ ਹੀ ਬੈਠ ਕੇ ਪੜ੍ਹਦੇ, ਅਧਿਆਪਕ ਵੀ ਉਨ੍ਹਾਂ ਦੀਆਂ ਕਿਤਾਬਾਂ ਨੂੰ ਛੂਹੰਦੇ ਨਹੀਂ ਸਨ।
ਗਰੈਜੂਏਸ਼ਨ ਕਰਨ ਉਪਰੰਤ ਉਚ ਵਿਦਿਆ ਵਾਸਤੇ ਉਨ੍ਹਾਂ ਨੂੰ ਲੰਡਨ ਭੇਜ ਦਿੱਤਾ ਗਿਆ ਪਰ ਆਰਥਿਕ ਮਜਬੂਰੀਆਂ ਕਾਰਨ ਵਾਪਸ ਆਉਣ ‘ਤੇ ਬੜੌਦਾ ਦੇ ਮਹਾਰਾਜਾ ਨਰੇਸ਼ ਨੇ ਉਨ੍ਹਾਂ ਨੂੰ ਰਾਜਸੀ ਸਕੱਤਰ ਬਣਾਇਆ ਪਰ ਮਾਹਰ ਜਾਤੀ ਕਾਰਨ ਉਸਦਾ ਕੋਈ ਹੁਕਮ ਨਹੀਂ ਮੰਨਦਾ ਸੀ ਇਸ ਲਈ ਨੌਕਰੀ ਛੱਡ ਦਿੱਤੀ।ਵਜੀਫਾ ਲੈ ਕੇ ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਤੋਂ ਉਚ ਵਿਦਿਆ ਹਾਸਲ ਕੀਤੀ।
ਡਾ ਅੰਬੇਦਕਰ ਭੀਮ ਰਾਓ ਅੰਬੇਦਕਰ ਨੇ ਮਹਾਤਮਾ ਗਾਂਧੀ ਨਾਲ ਪੂਨਾ ਐਕਟ ਸਮਝੌਤਾ ਕੀਤਾ ਜੋ ਕੇਂਦਰੀ ਕੌਂਸਲ ਵਿੱਚ ਦਲਿਤਾਂ ਲਈ ਸੀਟਾਂ ਰਾਖਵੀਆਂ ਕਰਨ ਬਾਰੇ ਸੀ।
ਗਾਂਧੀ ਵਲੋਂ ਅਛੂਤਾਂ ਨੂੰ ਹਰੀਜਨ ਕਹਿਣ ‘ਤੇ ਸਖਤ ਇਤਰਾਜ਼ ਕੀਤਾ। ਉਨ੍ਹਾਂ ‘ਬਰਤਾਨੀਆ ਹਿੰਦੋਸਤਾਨ ਵਿੱਚ ਸੂਬਾਈ ਸਰਮਾਏ ਦਾ ਵਿਕਾਸ’ ਕਿਤਾਬ ਲਿਖੀ।
ਦੱਬੇ ਕੁਚਲੇ ਵਰਗ ਦਾ ਉਹ ਪਹਿਲਾ ਸ਼ਖ਼ਸ ਸੀ ਜਿਸ ਨੇ ਉੱਚਕੋਟੀ ਦੀ ਸਿੱਖਿਆ ਪ੍ਰਾਪਤ ਕਰ ਕੇ ਵਿਦਵਤਾ ਹਾਸਿਲ ਕਰਕੇ ਇਤਿਹਾਸ ਰਚਿਆ। ਉਨ੍ਹਾਂ ਆਪਣੀਆਂ ਸਫਲਤਾਵਾਂ ਨਾਲ ਸਾਬਿਤ ਕਰ ਕੇ ਰੱਖ ਦਿੱਤਾ ਕਿ ਜੇਕਰ ਕਿਸੇ ਸ਼ਖ਼ਸ ਦਾ ਚਰਿੱਤਰ ਸੰਘਰਸ਼ੀ ਹੈ ਤਾਂ ਭਾਂਵੇਂ ਉਹ ਕਿੰਨੇ ਵੀ ਮਾੜੇ ਅਤੇ ਵਿਰੋਧੀ ਹਾਲਾਤ ਵਿਚ ਹੋਵੇ, ਮੁਸਕਲਾਂ ਉਸ ਤੋਂ ਦੂਰ ਭੱਜ ਜਾਂਦੀਆਂ ਹਨ।
ਡਾ. ਅੰਬੇਡਕਰ ਨੇ ਦੇਸ਼ ਦਾ ਕੇਵਲ ਸੰਵਿਧਾਨ ਹੀ ਨਹੀਂ ਘੜਿਆ ਸਗੋਂ ਕਈ ਅਨਮੋਲ ਸਿਧਾਂਤ ਅਤੇ ਵਿਚਾਰ ਵੀ ਸਿਰਜੇ ਜਿਨ੍ਹਾਂ ‘ਤੇ ਦੇਸ਼ ਅਤੇ ਸਮਾਜ ਨੇ ਆਜ਼ਾਦੀ ਤੋਂ ਬਾਅਦ ਤਰੱਕੀ ਦੇ ਰਾਹ ਪੈਣਾ ਸੀ। ਵਿੱਤ ਕਮਿਸ਼ਨ ਅਤੇ ਭਾਰਤੀ ਰਿਜ਼ਰਵ ਬੈਂਕ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਵੀ ਉਨ੍ਹਾਂ ਦੇ ਦੂਰ-ਅੰਦੇਸ਼ੀ ਆਗੂ ਦੀ ਵਿਚਾਰਧਾਰਾ ਦਾ ਹੀ ਸਿੱਟਾ ਹੈ। ਹੀਰਾਕੁੰਡ, ਦਮੋਦਰ ਘਾਟੀ ਅਤੇ ਸੋਨ ਨਦੀ ਵਰਗੇ ਦੇਸ਼ ਦੇ ਸਭ ਤੋਂ ਪਹਿਲੇ ਬਹੁ-ਉਦੇਸ਼ੀ ਪ੍ਰਾਜੈਕਟ ਵੀ ਉਨ੍ਹਾਂ ਦੀ ਦੇਣ ਹਨ।
ਸੰਵਿਧਾਨ ਕਮੇਟੀ ਦੇ ਮੋਢੀ ਬਣ ਕੇ ਸੰਵਿਧਾਨ ਦੇ ਨਿਰਮਾਤਾ ਬਣੇ। 6 ਦਸੰਬਰ 1956 ਨੂੰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅੰਬੇਦਕਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਵਿਚਾਰ,”1 ਧਰਮ ਵਿਅਕਤੀ ਦਾ ਨਿਜੀ ਮਾਮਲਾ ਹੈ ਅਤੇ ਧਰਮ ਦਾ ਸਮਾਜ ਨਾਲ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਹੀ ਨਹੀਂ। 2 ਧਰਮ ਦਾ ਅਧਾਰ ਵਿਅਕਤੀ ਦਾ ਵਿਅਕਤੀ ਦੁਆਰਾ ਕੀਤੇ ਜਾ ਰਹੇ ਸ਼ੋਸਣ ਅਤੇ ਭੇਦਭਾਵ ਨੂੰ ਖਤਮ ਹੋਣਾ ਚਾਹੀਦਾ ਹੈ। 3 ਪੂੰਜੀਵਾਦ ਅਤੇ ਬ੍ਰਾਹਮਣ ਦਲਿਤ ਕੌਮਾਂ ਦੇ ਸਭ ਤੋਂ ਵਡੇ ਦੁਸ਼ਮਣ ਹਨ। 4 ਛੂਤ ਛਾਤ ਗੁਲਾਮੀ ਤੋਂ ਬਹੁਤ ਹੀ ਜਿਆਦਾ ਘਟੀਆ ਹੈ। 5 ਖੋ ਚੁੱਕੇ ਅਧਿਕਾਰ, ਭੀਖ ਮੰਗਣ ਜਾਂ ਬੇਨਤੀਆਂ ਕਰਨ ਨਾਲ ਨਹੀਂ, ਇਹ ਕਠੋਰ ਸੰਘਰਸ਼ਾਂ ਨਾਲ ਹੀ ਪ੍ਰਾਪਤ ਹੁੰਦੇ ਹਨ, ਯਾਦ ਰੱਖੋ ਭੇਡਾਂ ਦੀ ਬਲੀ ਦਿੱਤੀ ਜਾਂਦੀ ਹੈ ਕਦੀ ਸ਼ੇਰਾਂ ਦੀ ਨਹੀਂ।” ਉਹ ਚਾਹੁੰਦੇ ਸਨ ਖੇਤੀ ਨੂੰ ਰਾਜ ਉਦਯੋਗ ਘੋਸ਼ਤ ਕੀਤਾ ਜਾਵੇ।
ਸਾਰੀ ਭੂਮੀ ਰਾਜ ਦੇ ਅਧੀਨ ਹੋਵੇ, ਖੇਤੀ ਸਮੂਹਕ ਫਾਰਮਾਂ ਰਾਂਹੀ ਹੋਣੀ ਚਾਹਿਦੀ ਹੈ, ਬੀਮਾ ਜਰੂਰੀ ਹੈ। ਕਿਸੇ ਨੇ ਕਿਹਾ ਹੈ, “ਜੇਕਰ ਕਾਰਲ ਮਾਰਕਸ ਇਕ ਜਲਦਾ ਹੋਇਆ ਸ਼ੋਲਾ ਹੈ ਤਾਂ ਅੰਬੇਦਕਰ ਇਕ ਉਬਲਦਾ ਹੋਇਆ ਜਵਾਲਾ ਮੁਖੀ ਹੈ।” ਅਫਸੋਸ ਡਾ ਅੰਬੇਦਕਰ ਨੂੰ ਖਾਸ ਵਰਗ ਤੇ ਧਰਮਾਂ ਵਿਚ ਵੰਡਿਆ ਜਾ ਰਿਹਾ।