ਚੰਡੀਗੜ੍ਹ : ਬੀਤੀ ਕੱਲ੍ਹ ਨਿਹੰਗ ਸਿੰਘ ਵਲੋਂ ਕੀਤੇ ਗਏ ਕਾਰੇ ਦੀ ਚਾਰੇ ਪਾਸੇ ਘੋਰ ਨਿੰਦਾ ਕੀਤੀ ਜਾ ਰਹੀ ਹੈ । ਇਸ ਤੋਂ ਬਾਅਦ ਹੁਣ ਪੁਲਿਸ ਨੇ ਵੀ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਨਿਹੰਗ ਸਿੰਘਾਂ ਦੇ ਹੱਕ ਵਿਚ ਆ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲ਼ਿਆਂ ਵਿਰੁੱਧ ਪੁਲਿਸ ਵਲੋਂ ਅੱਜ ਵਡੀ ਕਾਰਵਾਈ ਕੀਤੀ ਗਈ ਹੈ । ਜਾਣਕਾਰੀ ਮੁਤਾਬਿਕ ਸੋਸ਼ਲ ਮੀਡੀਆ ‘ਤੇ ਨਫਰਤ ਭਰੇ ਸੰਦੇਸ਼ਾਂ ਰਾਹੀਂ ਭਾਵਨਾਵਾਂ ਭੜਕਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਪੰਜਾਬ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਅਨੁਸਾਰ ਹੁਸ਼ਿਆਰਪੁਰ ਮਾਡਲ ਟਾਊਨ ਵਾਸੀ ਭੁਪਿੰਦਰ ਸਿੰਘ, ਬਟਾਲਾ ਨਿਵਾਸੀ ਦਵਿੰਦਰ ਸਿੰਘ ਅਤੇ ਮਲੋਟ ਨਿਵਾਸੀ ਕੁਲਜੀਤ ਸਿੰਘ ਭੁੱਲਰ ਨੂੰ ਸੋਸ਼ਲ ਮੀਡੀਆ ‘ਤੇ ਨਫ਼ਰਤ ਭਰੇ ਸੰਦੇਸ਼ਾਂ ਨਾਲ ਫਿਰਕੂ ਅਸ਼ਾਂਤੀ ਭੜਕਾਉਂਦੇ ਪਾਏ ਗਏ। ਉਨ੍ਹਾਂ ਦਸਿਆ ਕਿ ਤਿੰਨਾਂ ਵਿਰੁੱਧ ਆਈਪੀਸੀ 1860 ਦੀ ਧਾਰਾ 115, 153-ਏ, 188, 269, 270, 271 ਅਤੇ 505 (2), ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 3 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 54 ਦੇ ਤਹਿਤ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਡੀ ਜੀ ਪੀ ਨੇ ਦਸਿਆ ਕਿ ਇਹ ਆਦਮੀ ਸੋਸ਼ਲ ਮੀਡੀਆ ਪੋਸਟਾਂ ਪਾ ਕੇ ਨਫ਼ਰਤ ਫੈਲਾਅ ਰਹੇ ਸਨ। ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਨੇ ਆਪਣੀ ਭੜਕਾਊ ਇੰਟਰਵਿਊ ਅਪਣਾ ਸਾਂਝ ਪੰਜਾਬ ਫੇਸਬੁੱਕ ਟੀ ਵੀ ਚੈਨਲ ਨੂੰ ਪੋਸਟ ਕੀਤੀ ਸੀ, ਜਿਸ ਵਿੱਚ ਉਸਨੇ ਨਿਹੰਗਾਂ ਦੀ ਕਾਰਵਾਈ ਦਾ ਪੱਖ ਪੂਰਿਆ ਸੀ, ਪਰ ਬਾਅਦ ਵਿੱਚ ਇਸ ਇੰਟਰਵਿਊ ਨੂੰ
ਹਟਾ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਭੁੱਲਰ ਅਤੇ ਦਵਿੰਦਰ ਨੇ ਵੀ ਫੇਸਬੁੱਕ ‘ਤੇ ਭੜਕਾਊ ਪੋਸਟ ਪਾ ਕੇ ਨਿਹੰਗ ਕਾਰਵਾਈ ਦੀ ਸ਼ਲਾਘਾ ਕੀਤੀ ਸੀ ਅਤੇ ਅਜਿਹੀਆਂ ਕਾਰਵਾਈਆਂ ਕਰਨ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਅੰਮ੍ਰਿਤਸਰ ਦੇ ਇੱਕ ਸੁਧੀਰ ਸੂਰੀ ਅਤੇ ਪਟਿਆਲਾ ਦੇ ਅਕਾਸ਼ ਦੀਪ ਨੂੰ ਉਨ੍ਹਾਂ ਦੇ ਫਿਰਕੂ ਅਤੇ ਭੜਕਾਊ ਬਿਆਨਾਂ ਅਤੇ ਪੋਸਟਾਂ ਲਈ ਗ੍ਰਿਫਤਾਰ ਕੀਤਾ ਸੀ