ਕੋਰੋਨਾ ਵਾਇਰਸ ਮਹਾਮਾਰੀ : ਰਾਸ਼ਨ ਵੰਡਣ ‘ਤੇ ਨਾ ਹੋਵੇ ਸਿਆਸਤ

TeamGlobalPunjab
4 Min Read

-ਅਵਤਾਰ ਸਿੰਘ

ਪੂਰੇ ਵਿਸ਼ਵ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਜਕੜਿਆ ਹੋਇਆ ਹੈ। ਹਰ ਵਿਅਕਤੀ ਸਹਿਮ ਦੇ ਮਾਹੌਲ ਵਿਚ ਰਹਿ ਰਿਹਾ ਹੈ। ਗਰੀਬ ਅਮੀਰ, ਹਰ ਇਕ ਦੇ ਮਨ ਵਿਚ ਇਕੋ ਖੌਫ ਹੈ ਕਿ ਇਸ ਸੰਕਟ ਵਿੱਚੋਂ ਕਿਵੇਂ ਨਿਕਲਿਆ ਜਾਵੇ। ਕੁਝ ਸਮਾਜ ਸੇਵੀ ਸੰਸਥਾਂਵਾਂ ਗਰੀਬਾਂ, ਬੇਸਹਾਰਾ ਤੇ ਭੁੱਖੇ ਪੇਟ ਲੋਕਾਂ ਦੀ ਮਦਦ ਵਿਚ ਜੁੱਟੀਆਂ ਹੋਈਆਂ ਹਨ। ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਸਗੋਂ ਹਰ ਇਕ ਦਾ ਫਰਜ਼ ਬਣਦਾ ਕਿ ਆਪ ਕਿਵੇਂ ਬਚਣਾ ਅਤੇ ਦੂਜਿਆਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਕਿਵੇਂ ਬਚਾਉਣਾ ਹੈ। ਸਿਆਸਤ ਤਾਂ ਹੀ ਹੋ ਸਕੇਗੀ ਜੇ ਸਾਰੇ ਇਸ ਮਹਾਮਾਰੀ ਤੋਂ ਬਚਣਗੇ। ਇਹ ਭਿਆਨਕ ਬਿਮਾਰੀ ਵੱਡੇ ਨੇਤਾ, ਉੱਚ ਅਹੁਦੇ ਵਾਲਾ ਜਾਂ ਰੁਤਬਾ ਨਹੀਂ ਦੇਖ ਰਹੀ। ਇਸ ਦੀ ਕਰੋਪੀ ਕਿਸੇ ਨੂੰ ਜਕੜ ਸਕਦੀ ਹੈ। ਪਰ ਇਸ ਸਾਰੀ ਸਥਿਤੀ ਨੂੰ ਭਲੀ ਭਾਂਤ ਜਾਣਦੇ ਹੋਏ ਅਸੀਂ ਇਸ ਵੇਲੇ ਵੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ।

ਰਿਪੋਰਟਾਂ ਅਨੁਸਾਰ ਪੰਜਾਬ ਦੇ ਸ਼ਹਿਰ ਮੋਗਾ ਵਿਚ ਇਸ ਵੇਲੇ ਭੁੱਖੇ ਪੇਟਾਂ ਨੂੰ ਰਾਸ਼ਨ ਵੰਡਣ ‘ਤੇ ਇਕ ਸ਼ਰਮਨਾਕ ਸਿਆਸਤ ਹੋ ਰਹੀ ਹੈ। ਕਰੋਨਾਂ ਸੰਕਟ ਕਾਰਨ 13 ਦਿਨਾਂ ਤੋਂ ਤਾਲਾਬੰਦੀ ਕਰਫ਼ਿਊ ਦੌਰਾਨ ਘਰਾਂ ’ਚ ਕੈਦ ਗਰੀਬ ਤੇ ਪਰਵਾਸੀ ਮਜ਼ਦੂਰਾਂ ਨੂੰ ਸਿਵਲ ਤੇ ਪੁਲੀਸ ਪ੍ਰਸ਼ਾਸਨ ਰਾਸ਼ਨ ਪਹੁੰਚਾਉਣ ਦੇ ਚੰਗੇ ਪ੍ਰਬੰਧਾਂ ਦਾ ਦਾਅਵਾ ਕਰ ਰਿਹਾ ਹੈ। ਓਧਰ ਪਰਵਾਸੀ ਮਜਦੂਰਾਂ ਦਾ ਰਾਸ਼ਨ ਵੋਟ ਰਾਜਨੀਤੀ ਦੀ ਭੇਟ ਚੜ੍ਹ ਰਿਹਾ ਹੈ। ਜ਼ਿਲਾ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਤਕ ਰਾਸ਼ਨ ਪੁੱਜਦਾ ਕਰਨ ਲਈ ਸ਼ੁਰੂ ਕੀਤੀ ਗਈ ਸੈਕਟਰ ਸਕੀਮ ਰਾਜਨੀਤੀ ਦੀ ਭੇਟ ਚੜ੍ਹਦੀ ਨਜ਼ਰ ਆ ਰਹੀ ਹੈ।

ਰਿਪੋਰਟਾਂ ਮੁਤਾਬਿਕ ਸੈਕਟਰ ਨੋਡਲ ਅਫ਼ਸਰ ਸਿਆਸੀ ਦਖਲ ਕਾਰਨ ਲੋੜਵੰਦ ਤੱਕ ਰਾਸ਼ਨ ਪੁੱਜਦਾ ਕਰਨ ਤੋਂ ਬੇਵੱਸ ਹੁੰਦੇ ਨਜ਼ਰ ਆ ਰਹੇ ਹਨ। ਇੱਕ ਨੋਡਲ ਅਫ਼ਸਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਹਲਕਾ ਵਿਧਾਇਕ ਦੀ ਨਿਗਰਾਨੀ ਹੇਠ ਵਾਰਡਾਂ ’ਚ ਸੱਤਾ ਧਿਰ ਦੇ ਕਾਰਕੁਨ ਆਪਣੀ ਮਰਜ਼ੀ ਕਰ ਰਹੇ ਹਨ। ਇਸ ਕਰਕੇ ਇਹ ਸਭ ਕੁਝ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਹਾਕਮ ਧਿਰ ਦੇ ਨਗਰ ਨਿਗਮ ਦੀ ਕੌਂਸਲਰ ਦੀ ਚੋਣ ਲੜਨ ਵਾਲੇ ਆਗੂਆਂ ਵੱਲੋਂ ਰਾਸ਼ਨ ਵੰਡਣ ਦੀਆਂ ਰਿਪੋਰਟਾਂ ਹਨ। ਇਹ ਸਿਰਫ਼ ਵੋਟ ਵਾਲੇ ਪਰਿਵਾਰਾਂ ਨੂੰ ਹੀ ਰਾਸ਼ਨ ਵੰਡਣ ਤੱਕ ਸੀਮਤ ਹਨ ਜਦੋਂਕਿ ਪਰਵਾਸੀ ਮਜਦੂਰ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ। ਪਰਿਵਾਰਾਂ ਸਣੇ ਪਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਕੋਈ ਰਾਸ਼ਨ ਨਹੀਂ ਮਿਲਿਆ।

ਓਧਰ ਅਧਿਕਾਰੀਆਂ ਦਾ ਪੱਖ ਵੀ ਸੁਣ ਲਓ – ਖੁਰਾਕ ਤੇ ਸਿਵਲ ਸਪਲਾਈਜ਼ ਅਧਿਕਾਰੀ ਜਗਦੀਪ ਸਿੰਘ ਦਾ ਕਹਿਣ ਹੈ ਕਿ ਜੋ ਹੋ ਰਿਹਾ ਸਭ ਦੇ ਸਾਹਮਣੇ ਹੈ। ਵਿਭਾਗ ਵੱਲੋਂ ਸਰਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 10 ਹਜ਼ਾਰ ਕਿੱਟ ਵੰਡੀ ਜਾ ਚੁੱਕੀ ਹੈ। ਕਾਰਜਕਾਰੀ ਮੈਜਿਸਟਰੇਟ ਕਮ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਅਨੁਸਾਰ ਉਨ੍ਹਾਂ ਦੀ ਨਿਗਰਾਨੀ ਹੇਠ ਪਹਿਲੇ 4 ਦਿਨ ਰਾਸ਼ਨ ਵੰਡਿਆ ਗਿਆ ਸੀ ਤੇ ਹੁਣ ਉਨ੍ਹਾਂ ਦੀ ਡਿਉਟੀ ਇਸ ਬਿਮਾਰੀ ਦੇ ਮੱਦੇਨਜ਼ਰ ਹੋਰ ਪ੍ਰਸ਼ਾਸਨਿਕ ਪ੍ਰਬੰਧ ਕਰਨ ’ਚ ਲੱਗੀ ਹੋਈ ਹੈ। ਮੋਗਾ ਵਿਧਾਨ ਸਭਾ ਹਲਕਾ ਦੇ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਅਨੁਸਾਰ ਪ੍ਰਸ਼ਾਸਨ ਦਾ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਦਾ ਪ੍ਰਬੰਧ ਪੱਖਪਾਤੀ ਹੈ। ਸਿਆਸੀ ਦਖ਼ਲਅੰਦਾਜ਼ੀ ਤੇ ਵਿਤਕਰੇਬਾਜ਼ੀ ਹੋ ਰਹੀ ਹੈ ਅਤੇ ਰਾਸ਼ਨ ਵੰਡ ਹਾਕਮ ਧਿਰ ਨਾਲ ਜੁੜੇ ਲੋਕਾਂ, ਪਰਿਵਾਰਾਂ, ਰਿਸ਼ਤੇਦਾਰਾਂ ਤੇ ਪਛਾਣ ਵਾਲਿਆਂ ਤੱਕ ਹੀ ਮਹਿਦੂਦ ਹੈ।

Share This Article
Leave a Comment