ਲੰਡਨ : ਚੀਨ ਦੇ ਵੁਹਾਨ ਇਲਾਕੇ ਤੋਂ ਫੈਲੇ ਕੋਰੋਨਾ ਵਾਇਰਸ ਦਾ ਅਸਰ ਦੁਨੀਆਂ ਦੇ ਲਗਭਗ ਹਰ ਇਲਾਕੇ ਅੰਦਰ ਫੈਲ ਰਿਹਾ ਹੈ।ਇਸ ਦੇ ਚਲਦਿਆਂ ਬ੍ਰਿਟੇਨ ‘ਚ ਰਹਿਣ ਵਾਲੇ ਇੱਕ ਭਾਰਤੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਬ੍ਰਿਟੇਨ ਵਿੱਚ ਵਾਇਰਸ ਕਾਰਨ ਇਹ ਛੇਵੀਂ ਮੌਤ ਹੈ।
ਦੱਸ ਦਈਏ ਕਿ ਮ੍ਰਿਤਕ ਦਾ ਨਾਮ ਮਨੋਹਰ ਕ੍ਰਿਸ਼ਨ ਪ੍ਰਭੂ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ 80 ਸਾਲ ਸੀ। ਮਨੋਹਰ ਵਾਲਅਫੋਰਡ ਜਨਰਲ ਹਸਪਤਾਲ ‘ਚ ਜੇਰੇ ਇਲਾਜ਼ ਸੀ। ਦੱਸਣਯੋਗ ਹੈ ਕਿ ਭਾਰਤ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਇਹ ਪਹਿਲੀ ਮੌਤ ਹੈ। ਉਹ ਪਿਛਲੇ ਦਸ ਦਿਨ ਤੋਂ ਹਸਪਤਾਲ ਸੀ।
ਇਸ ਦੀ ਪੁਸ਼ਟੀ ਇੰਗਲੈਂਡ ਦੇ ਚੀਫ ਮੈਡੀਕਲ ਅਫਸਰ ਵੱਲੋਂ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਕਾਰਨ ਪੀੜਤ ਛੇਵੇਂ ਵਿਅਕਤੀ ਦੀ ਮੌਤ ਹੋ ਗਈ ਹੈ। ਮਨੋਹਰ ਦੇ ਦੋਸਤ ਅਨੁਸਾਰ ਬੀਤੇ ਦਿਨੀਂ ਉਨ੍ਹਾਂ (ਮਨੋਹਰ) ਦੇ ਘਰ ਕੋਈ ਮਨੋਹਰ ਦਾ ਦੋਸਤ ਆਇਆ ਸੀ ਜਿਹੜਾ ਕਿ ਪਿਛਲੇ ਦਿਨੀਂ ਇਟਲੀ ਤੋਂ ਵਾਪਸ ਆਇਆ ਸੀ।