ਇਕ ਸ਼ਰਧਾਂਜਲੀ ਸੰਤੋਖ ਸਿੰਘ ਧੀਰ ਨੂੰ – ਖੁਬਸੂਰਤ ਜ਼ਿੰਦਗੀ ਮਾਣਮੱਤੀ ਰੁਖ਼ਸਤ

TeamGlobalPunjab
4 Min Read

-ਸੰਜੀਵਨ ਸਿੰਘ

ਖੜੀ ਉਂਗਲੀ, ਪੋਚਵੀਂ ਪੱਗ, ਸਲੀਕੇਦਾਰ ਪਹਿਰਾਵਾ, ਖਾਣ-ਪੀਣ ਦਾ ਸ਼ਊਰ, ਰਫ਼ਤਾਰ ਅਤੇ ਗ਼ੁਫ਼ਤਾਰ ਵਿਚ ਮੜਕ। ਕਲਮ ਵਿਚ ਲੋਕਾਈ ਦਾ ਦਰਦ ਤੇ ਪੀੜ, ਝੁੱਗੀਆਂ-ਢਾਰਿਆਂ, ਦੱਬੇ-ਕੁੱਚਲਿਆਂ, ਪੀੜਤਾਂ, ਬੇਵੱਸ-ਲਾਚਾਰਾਂ, ਨਿਆਸਰਿਆ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਜੁੱਰਅਤ। ਵਹਿਣਾ ਦੇ ਉਲਟ ਚੱਲਣ ਦਾ ਸ਼ੌਕੀਨ, ਬਣੀਆਂ-ਬਣਾਈਆਂ ਰਾਹਾਂ ‘ਤੇ ਨਹੀਂ ਬਲਕਿ ਜਿੱਥੇ ਤੁਰਿਆ ਉਥੇ ਰਾਹ ਬਣਾਉਣੇ।

ਆਪਣੀ ਸੋਚ, ਵਿਚਾਰਧਾਰਾ ‘ਤੇ ਅੜੇ ਤੇ ਖੜੇ ਰਹਿਣ ਦਾ ਜੇਰਾ। ਆਪਣੇ ਨਿਵਾਰ ਦੇ ਪਲੰਗ ਦੇ ਪਾਵਿਆਂ ਨੂੂੰ ਬਾਦਸ਼ਾਹਾਂ, ਰਾਜਿਆਂ, ਮਾਹਾਰਾਜਿਆਂ ਦੇ ਤਖਤੋ ਤਾਜ ਨਾਲੋ ਉੱਚੇ ਤੇ ਬੁਲੰਦ ਹੋਣ ਦਾ ਅਹਿਸਾਸ। ਵੱਡੇ ਤੋਂ ਵੱਡੇ ਦੁੱਖ-ਤਕਲੀਫ਼, ਮੁਸੀਬਤ ਨੂੰ ਖਿੜੇ ਮੱਥੇ ਜੀਓ ਆਇਆ ਕਹਿਣ ਦੀ ਜੁਰਅਤ। ਗ਼ਰੀਬੀ, ਤੰਗ ਦਸਤੀ, ਭੁੱਖ ਨੰਗ ਨੂੰ ਮਾਨਣ ਦੀ ਜਾਚ ਇਹ ਸੀ ਮੇਰੇ ਤਾਏ, ਮੇਰੇ ਭਾਪਾ ਜੀ ਸੰਤੋਖ ਸਿੰਘ ਧੀਰ ਦੀ ਪਹਿਚਾਣ, ਉਸ ਦੀ ਸਖਸ਼ੀਅਤ, ਉਸ ਦੀ ਹੋਂਦ।

ਜੇ ਕਈ ਪੁੱਤ ਹੋਵੇ ਤਾਂ ਨਵਰੀਤ ਵਰਗਾ, ਧੀਆਂ ਹੋਣ ਤਾਂ ਨਵਰੂਪ,ਨਵਜੋਤ, ਨਵਜੀਤ, ਨਵਤੇਜ ਵਰਗੀਆਂ ਜਿਨ੍ਹਾਂ ਆਪਣੇ ਪਿਓ ਦਾ ਸਰੀਰ ਪੀ.ਜੀ ਆਈ ਨੂੰ ਇਹ ਕਹਿ ਕੇ ਦਾਨ ਕਰਨ ਦਾ ਫ਼ੈਸਲਾ ਕੀਤਾ, ”ਸਾਡੇ ਪਿਓ ਨੇ ਆਪਣੀ ਕਲਮ ਸਮਾਜ ਦੇ ਭਲੇ, ਲੋਕਾਈ ਦੀ ਬਿਹਤਰੀ ਲਈ ਵਾਹੀ ਤਾਂ ਉਸ ਦਾ ਸਰੀਰ ਸੜਕੇ ਸੁਆਹ ਹੋਣ ਨਾਲੋਂ ਤਾਂ ਲੋਕਾਂ ਦੇ ਹੀ ਕੰਮ ਆੳੇਣਾ ਚਾਹੀਦਾ ਹੈ। ਸਾਡੇ ਪਿਓ ਦੀਆਂ ਲਿਖਤਾ ਨੇ ਸਮਾਜ ਅਤੇ ਆਲਾ-ਦੁਆਲਾ ਰੌਸ਼ਨ ਕੀਤਾ। ਉਸ ਦੇ ਸਰੀਰ ਦੀ ਵਰਤੋ ਵੀ ਲੋਕ ਕਲਿਆਣ ਲਈ ਹੀ ਹੋਣੀ ਚਾਹੀਦੀ ਹੈ। ਜੇ ਕੋਈ ਭਾਈ ਹੋਵੇ ਤਾਂ ਰਿਪੁਦਮਨ ਸਿੰਘ ਰੂਪ ਵਰਗਾ ਜਿਸ ਨੇ ਆਪਣਾ ਛੋਟੇ ਭਾਈ ਹੋਣ ਦਾ ਫ਼ਰਜ਼ ਅੰਤ ਤੱਕ ਨਿਭਾਇਆ, ਆਪਣੇ ਪੁੱਤਰਾਂ, ਪੋਤੇ-ਪੋਤੀਆਂ ਨੂੰ ਆਪਣੇ ਰਾਮ ਵਰਗੇ ਭਾਈ ਦੇ ਪਾਏ ਪੂਰਨਿਆਂ ‘ਤੇ ਤੋਰਿਆ।

- Advertisement -

ਸਾਹਿਤਕ ਹਲਕੇ ਦੋਵਾਂ ਨੂੰ ਰਾਮ-ਲੱਛਮਣ ਦੀ ਜੋੜੀ ਕਹਿੰਦੇ ਹਨ।ਜੇ ਕੋਈ ਗੁਆਂਢੀ ਹੋਵੇ ਤਾਂ ਰਾਜੂ ਵਰਗਾ ਜਿਸ ਦਾ ਪਿਛੋਕੜ ਕੇਰਲ ਦਾ ਹੈ ਜਿਸ ਨੇ ਪੀ.ਜੀ.ਆਈ. ਵਿਚ ਦਿਨ ਰਾਤ ਇਕ ਲੱਤ ਦੇ ਭਾਰ ਧੀਰ ਦੀ ਦੇਖ ਭਾਲ ਵਿਚ ਸਾਰੇ ਪ੍ਰੀਵਾਰ ਦਾ ਸਾਥ ਦਿੱਤਾ।

ਸੰਤੋਖ ਸਿੰਘ ਧੀਰ ਦੀ ਆਖਰੀ ਦਮ ਤੱਕ ਜਵਾਨ ਅਤੇ ਨਿਰੋਗ ਰਹਿਣ ਦੀ ਤੀਬਰ ਇੱਛਾ ਸੀ। ਘਟਨਾ ਬੇਸ਼ਕ ਪੁਰਾਣੀ ਹੈ ਕੋਈ ਵੀਹ ਪੱਜੀ ਸਾਲ ਪੁਰਾਣੀ। ਮੈਂ ਤੇ ਭਾਪਾ ਜੀ ਖਰੜ ਕਿਸੇ ਕੰਮ ਗਏ ਸੀ। ਮੁਹਾਲੀ ਆਉਣ ਲਈ ਬੱਸ ਵਿਚ ਬੈਠੇ ਸੀ। ਭਾਪਾ ਜੀ ਦੇ ਹਮਉਮਰ ਇਕ ਔਰਤ ਤਾਕੀ ਕੋਲ ਆ ਕੇ ਕਹਿ ਲੱਗੀ, ”ਬਾਬਾ ਯੋਹ ਬੱਸ ਕਿੱਥੇ ਜਾਹਾ।“ ਭਾਪਾ ਜੀ ਦੀ ਸ਼ਕਲ ਵੇਖਣ ਵਾਲੀ ਸੀ ਉਨ੍ਹਾਂ ਕਿਹਾ, ”ਪਤਾ ਨ੍ਹੀਂ ਗੁੱਡੀ ਕਿੱਥੇ ਜਾਹਾ।“ ਉਸ ਦੇ ਜਾਣ ਤੋਂ ਬਾਦ ਕਹਿਣ ਲੱਗੇ,” ਦੇਖ ਤਾਂ ਸ਼ਰਮ ਨ੍ਹੀਂ ਆਂਉਦੀ ਮੈਂਨੂੰ ਬਾਬਾ ਕਹਿੰਦੀ ਨੂੰ। ਮੈਂ ਹੱਸਦੇ ਕਿਹਾ, ”ਭਾਪਾ ਜੀ ਹੁਣ ਤੁਸੀਂ ਬੁੜੇ ਹੋ ਗਏ।“ ਚੁੱਪ ਕਰ ਓੁਏ। ਭਕਾਈ ਨਾ ਮਾਰ। ਇਹ ਕਹਿ ਕੇ ਭਾਪਾ ਜੀ ਦੂਰ ਖੜੀ ਉਸੇ ਔਰਤ ਨੂੰ ਘੂਰਨ ਲੱਗ ਗਏ।

ਧੀਰ ਦੇ ਭਤੀਜਾ ਹੋਣ ‘ਤੇ ਅਭਿਮਾਨ ਵਰਗਾ ਮਾਣ ਮਹਿਸੂਸ ਕਰਨਾ, ਭਾਪਾ ਜੀ ਦੇ ਕੁਝ ਸਾਹਿਤਕ ਮਿੱਤਰਾਂ ਦਾ ਮੈਂਨੂੰ ਸਾਹਿਤਕ ਕਾਕਾ ਕਹਿਣ ‘ਤੇ ਮੇਰਾ ਜਵਾਬ ਹੁੰਦਾ,” ਜਗੀਦਾਰਾ ਦੇ ਕਾਕਿਆ ਨੂੰ ਵਿਰਸੇ ਵਿਚ ਮਿਲੀ ਜ਼ਮੀਨ-ਜਾਇਦਾਦ, ਧਨ-ਦੌਲਤ ਮਿਲਦੀ ਹੈ, ਉਹ ਚਾਹੇ ਲਟਾਉਣ, ਚਾਹੇ ਉਜਾੜਣ, ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਪਰ ਮੇਰੀ ਸਾਹਿੱਤਕ ਕਾਕੇ ਵੱਜੋਂ ਜ਼ੁੰਮੇਵਾਰੀ ਬਹੁਤ ਅਹਿਮ ਹੈ। ਬਿਲਕੁੱਲ ਤਲਵਾਰ ਦੀ ਧਾਰ ‘ਤੇ ਤੁਰਨ

ਵਾਂਗ। ਮੈਂ ਧੀਰ ਦੇ ਸਾਹਿਤਕ ਖ਼ਜਾਨੇ ਵਿਚ ਕੋਈ ਵਾਧਾ ਕਰ ਸਕਾ, ਚਾਹੇ ਨਾ। ਪਰ ਇਸ ਵਿਰਾਸਤੀ ਦੌਲਤ ਨੂੰ ਖੋਰਾ ਲਾਉਣ ਦਾ ਹਰਗ਼ਿਜ਼ ਵੀ ਅਧਿਕਾਰ ਨਹੀਂ ।“
ਪੀ.ਜੀ.ਆਈ. ਵੱਲੋਂ ਧੀਰ ਸਾਹਿਬ ਦਾ ਸਰੀਰ ਪ੍ਰਾਪਤ ਕਰਨ ਤੋਂ ਬਾਅਦ ਤੋਹਫ਼ੇ ਵੱਜੋਂ ਦਿੱਤੇ ਬੂਟੇ ਨੂੰ ਉਨ੍ਹਾਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਅਤੇ ਹੋਰ ਪ੍ਰੀਵਾਰ ਦੇ ਮੈਂਬਰਾਂ ਵੱਲੋਂ ਲਾਉਣ ਮੌਕੇ ਮੇਰੇ ਮਨ ਵਿਚ ਖ਼ਿਆਲ ਆ ਰਿਹਾ ਸੀ।

ਲੋਕ ਆਪਣੀਆ ਦੋ-ਦੋ ਤਿੰਨ-ਤਿੰਨ ਪੁਸ਼ਤਾਂ ਧੰਨ ਦੋਲਤ, ਜ਼ਮੀਨ ਜਇਦਾਦ ਛੱਡ ਕੇ ਜਾਂਦੇ ਹਨ ਪਰ ਸੰਤੋਖ ਸਿੰਘ ਧੀਰ ਆਪਣੇ ਪਿੱਛੇ ਇੰਨਾ ਨਾਮਣਾ, ਸ਼ੋਹਰਤ ਅਤੇ ਜਸ ਖੱਟ-ਕਮਾ ਕੇ ਛੱਡ ਗਏ ਹਨ, ਆਉਣ ਵਾਲੀਆਂ ਸੱਤ ਪੁਸ਼ਤਾ ਬਿਨਾ ਕੋਈ ਤਰੱਦਦ ਕੀਤੇ ਇਸ ਦਾ ਨਿੱਘ ਮਾਣ ਸਕਦੀਆਂ ਹਨ, ਖੱਟੀ ਖਾ ਸਕਦੀਆ ਹਨ ਬਸ਼ਰਤੇ ਕੋਈ ਬਦਨਾਮੀ ਨਾ ਖੱਟਣ।

- Advertisement -
Share this Article
Leave a comment