ਚੰਡੀਗੜ੍ਹ : ਮੰਗਲਵਾਰ ਨੂੰ ‘ਆਪ’ ਵਿਧਾਇਕਾਂ ਨੇ ਦਲਿਤ ਸਮਾਜ (ਐਸਸੀ/ਐਸਟੀ) ਨਾਲ ਜੁੜੇ ਮਸਲਿਆਂ ਅਤੇ ਮੰਗਾਂ ਨੂੰ ਲੈ ਕੇ ਸਵੇਰੇ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਬਾਅਦ ਵਿਚ ਜਦੋਂ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੱਲੋਂ ਦਲਿਤਾਂ ਦੇ ਮੁੱਦੇ ‘ਤੇ ਲਿਆਂਦਾ ‘ਕੰਮ ਰੋਕੂ ਪ੍ਰਸਤਾਵ’ ਰੱਦ ਹੋਣ ਦੇ ਰੋਸ ਵਜੋਂ ‘ਆਪ’ ਵਿਧਾਇਕਾਂ ਨੇ ਪਹਿਲਾ ਸਪੀਕਰ ਸਾਹਮਣੇ ਜਾ ਕੇ ਸਦਨ ‘ਚ ਨਾਅਰੇਬਾਜ਼ੀ ਕੀਤੀ ਅਤੇ ਫਿਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਾਕਆਊਟ ਕਰ ਦਿੱਤਾ।
ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਨੂੰ ਦਲਿਤ ਵਿਰੋਧੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤ ਵਰਗ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ ਉਨ੍ਹਾਂ ‘ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਨੇ ਦਲਿਤਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ, 200 ਯੂਨਿਟ ਬਿਜਲੀ ਦੀ ਸਹੂਲਤ ਨੂੰ ਸ਼ਰਤਾਂ ਰਹਿਤ ਕਰਨ, ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਨ, ਪ੍ਰਾਈਵੇਟ ਕੰਪਨੀਆਂ ‘ਚ ਰਾਖਵਾਂਕਰਨ ਲਾਗੂ ਕਰਨ ਬਾਰੇ, ਦਲਿਤ ਪਰਿਵਾਰਾਂ ਦੇ ਸਾਰੇ ਕਰਜ਼ ਮੁਆਫ਼ ਕਰਨ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਪ੍ਰਾਈਵੇਟ ਸਕੂਲਾਂ ‘ਚ ਆਰਟੀਆਈ ਕਾਨੂੰਨ ਤਹਿਤ 25 ਪ੍ਰਤੀਸ਼ਤ ਦਲਿਤ ਪਰਿਵਾਰਾਂ ਦੇ ਬੱਚਿਆਂ ਦਾ ਦਾਖਲਾ ਯਕੀਨੀ ਬਣਾਉਣ, ਅੰਡਰ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਬਕਾਇਆ, ਵਜ਼ੀਫ਼ੇ ਜਾਰੀ ਕਰਨ ਵਰਗੇ ਕਾਫ਼ੀ ਮੁੱਦੇ ‘ਆਪ’ ਨੇ ਸਦਨ ਦੇ ਅੰਦਰ ਤੇ ਬਾਹਰ ਉਠਾਏ ਹਨ।
ਇਸ ਮੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮੀਤ ਹੇਅਰ, ਬੁਲਾਰਾ ਨੀਲ ਗਰਗ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਮੌਜੂਦ ਸਨ।