ਅੰਮ੍ਰਿਤਸਰ ਸਾਹਿਬ : ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ ਵੱਖ ਦੇਸ਼ਾਂ ਦੇ ਰਾਜਦੂਤ ਜਾਂ ਫਿਰ ਹੋਰ ਵੱਡੀਆਂ ਸ਼ਖਸੀਅਤਾਂ ਦਰਸ਼ਨਾਂ ਲਈ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਦੇ ਚਲਦਿਆਂ ਅੱਜ ਦੱਖਣੀ ਕੋਰੀਆ ਦੇ ਰਾਜਦੂਤ ਮਿਸਟਰ ਸ਼ਿਨ ਬੋਂਗ ਕੀਲ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਉਹ ਇੱਥੇ ਦੂਜੀ ਵਾਰ ਆਏ ਹਨ ਅਤੇ ਇਸ ਮੌਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ। ਸ਼ਿਨ ਬੋਂਗ ਕੀਲ ਅਨੁਸਾਰ ਇਸ ਤੋਂ ਪਹਿਲਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਅਲੱਗ ਅਲੱਗ ਦੇਸ਼ਾਂ ਦੇ ਰਾਜਦੂਤਾਂ ਨਾਲ ਮਿਲਕੇ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਸਨ।
ਕੀਲ ਮੁਤਾਬਿਕ ਇੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਇਸ ਲਈ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ। ਦੱਸ ਦਈਏ ਕਿ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।