ਬਟਾਲਾ: ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਨਈਅਰ ਦੇ ਭਰਾ ਦਾ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਸਬੰਧੀ ਰਮੇਸ਼ ਨਈਅਰ ਨੇ ਦੱਸਿਆ ਕਿ ਉਸ ਦਾ ਭਰਾ ਮੁਕੇਸ਼ ਕੁਮਾਰ ਵਾਸੀ ਭੰਡਾਰੀ ਗੇਟ ਬਟਾਲਾ ਰੋਜ਼ਾਨਾ ਦੀ ਤਰਾਂ ਸਵੇਰੇ 4 ਵਜੇ ਘਰੋਂ ਸਬਜ਼ੀ ਮੰਡੀ ਲਈ ਨਿਕਲਿਆ ਕਿ ਘਰ ਤੋਂ ਥੋੜੀ ਹੀ ਦੂਰੀ ‘ਤੇ ਅਣਪਛਾਤੇ ਹਮਲਾਵਰਾਂ ਨੇ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਨਾਲ ਕਤਲ ਕਰ ਦਿੱਤਾ।
ਰਮੇਸ਼ ਨਈਅਰ ਨੇ ਦੱਸਿਆ ਕਿ ਜਦੋਂ ਮੁਕੇਸ਼ ਮੰਡੀ ਨਹੀਂ ਪੁੱਜੇ ਤਾਂ ਉਨ੍ਹਾਂ ਨੂੰ 5 ਵਜੇ ਮੰਡੀ ਤੋਂ ਫੋਨ ਆਇਆ ਜਿਸ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ 5:15 ਵਜੇ ਦੇ ਲਗਭਗ ਭੰਡਾਰੀ ਮੁਹੱਲੇ ‘ਚ ਮੁਕੇਸ਼ ਦਾ ਸਰੀਰ ਖੂਨ ਨਾਲ ਲਥਪਥ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਇਸ ਵਾਰੇ ਡੀਐੱਸਪੀ ਬੀਕੇ ਸਿੰਗਲਾ ਨੇ ਦੱਸਿਆ ਕਿ ਮੁਕੇਸ਼ ਨਈਅਰ ਸਵੇਰੇ 4 ਵਜੇ ਘਰ ਤੋਂ ਲਗਭਗ ਡੇਢ ਲੱਖ ਰੁਪਏ ਲੈ ਕੇ ਆੜ੍ਹਤ ‘ਤੇ ਜਾਣ ਲਈ ਨਿਕਲੇ ਸਨ ਬਾਅਦ ਵਿੱਚ ਉਨ੍ਹਾਂ ਦੀ ਲਾਸ਼ ਮਿਲੀ। ਮੁਢਲੀ ਜਾਂਚ ਅਨੁਸਾਰ ਮਾਮਲਾ ਅਗਵਾਹ ਤੋਂ ਬਾਅਦ ਕਤਲ ਦਾ ਲਗ ਰਿਹਾ ਹੈ, ਕਿਉਂਕਿ ਇੱਕ ਤਾਂ ਆੜਤੀ ਦੀ ਸਕੂਟੀ ਗਾਇਬ ਹੈ। ਦੂਜਾ ਸਰੀਰ ਤੋਂ ਲਗਭਗ 30 – 40 ਮੀਟਰ ਦੂਰ ਖੂਨ ਹੀ ਖੂਨ ਪਿਆ ਮਿਲਿਆ ਹੈ। ਇਸ ਤੋਂ ਇਲਾਵਾ ਲਗਭਗ 150 ਮੀਟਰ ਦੂਰ ਇੱਕ ਮੰਦਰ ਦੀਆਂ ਪੌੜੀਆਂ ਤੱਕ ਵੀ ਖੂਨ ਦੇ ਛਿੱਟੇ ਮਿਲੇ ਹਨ।