ਨਵੀਂ ਦਿੱਲੀ : ਦਿੱਲੀ ਅੰਦਰ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਦੇ ਆਹੁਦੇ ਲਈ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਸਹੁੰ ਚੁੱਕ ਲਈ ਹੈ। ਇਸ ਮੌਕੇ ਕਈ ਅਹਿਮ ਸ਼ਖਸੀਅਤਾਂ ਵੀ ਦਿੱਲੀ ਦੇ ਰਾਮਲੀਲਾ ਗਰਾਉਂਡ ਵਿੱਚ ਹਾਜ਼ਰ ਹੋਈਆਂ। ਪਰ ਜੇਕਰ ਆਪ ਸਮਰਥਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਾਹੋ ਜਲਾਲ ਦੇਖਿਆਂ ਹੀ ਬਣਦਾ ਸੀ। ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿੱਚ ਕਈ ਸਮਰਥਕਾਂ ਨੇ ਮੋਰ ਦਾ ਰੂਪ ਦਾ ਧਾਰਨ ਕੀਤਾ ਸੀ।
ਸਭ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਵਿੱਚ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਸਹੁੰ ਚੁੱਕੀ ਅਤੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਜੇ ਨੰਬਰ ‘ਤੇ ਦਿੱਲੀ ਦੇ ਪਟਪੜਗੰਜ ਸੀਟ ਤੋਂ ਵਿਧਾਇਕ ਮਨੀਸ਼ ਸਿਸੋਦੀਆ ਨੇ ਵੀ ਸਹੁੰ ਚੁੱਕੀ। ਇਸ ਸਿਲਸਿਲੇ ‘ਚ ਫਿਰ ਸਤੇਂਦਰ ਜੈਨ, ਗੋਪਾਲ ਰਾਇ, ਕੈਲਾਸ਼ ਗਹਲੋਤ, ਇਮਰਾਨ ਹੁਸੈਨ, ਰਾਜੇਂਦਰ ਪਾਲ ਗੌਤਮ ਨੇ ਸਹੁੰ ਚੁੱਕੀ।
ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੋਲਦਿਆਂ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ ਅਤੇ ਇਹ ਗੱਲ ਕੋਈ ਮਾਈਨੇ ਨਹੀਂ ਰਖਦੀ ਕਿ ਕਿਸ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ ਅਤੇ ਕਿਸ ਨੇ ਨਹੀਂ । ਉਨ੍ਹਾਂ ਕਿਹਾ ਕਿ ਹੁਣ ਸਾਰੇ ਦਿੱਲੀ ਵਾਸੀ ਉਨ੍ਹਾਂ ਦੇ ਹੀ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਹਰ ਕਿਸੇ ਲਈ ਕੰਮ ਕਰਨ ਫਿਰ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ ਅਤੇ ਕਿਸੇ ਵੀ ਜਾਤ ਦਾ ਹੋਵੇ।