ਨਿਊਜ਼ ਡੈਸਕ : ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨਸ, ਮਿਨਰਲਸ ਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ‘ਚੋਂ ਕਿਸੇ ਇੱਕ ਦੀ ਕਮੀ ਹੋਣ ‘ਤੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਵਿਟਾਮਿਨ-ਸੀ ਸਰੀਰ ਲਈ ਸਭ ਤੋਂ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਪਾਣੀ ‘ਚ ਘੁਲਣਸ਼ੀਲ ਵਿਟਾਮਿਨ ਹੈ। ਇਹ ਸਰੀਰ ‘ਚ ਇਮਊਨ ਸਿਸਟਮ ਨੂੰ ਸਿਹਤਮੰਦ ਰੱਖਣ ਲਈ ਐਂਟੀ ਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ।
ਮੌਜੂਦਾ ਸਮੇਂ ਬਹੁਤ ਸਾਰੇ ਲੋਕ ਵਿਟਾਮਿਨ-ਸੀ ਦੀ ਘਾਟ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦੱਸ ਦਈਏ ਕਿ ਵਿਟਾਮਿਨ-ਸੀ ਨੂੰ ਸਾਡਾ ਸਰੀਰ ਖੁਦ ਨਹੀਂ ਬਣਾਉਂਦਾ। ਇਸ ਦੀ ਕਮੀ ਨੂੰ ਭੋਜਨ ਪਦਾਰਥਾਂ ਦੇ ਰੂਪ ‘ਚ ਪੂਰਾ ਕੀਤਾ ਜਾ ਸਕਦਾ ਹੈ। ਵਿਟਾਮਿਨ-ਸੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਵਿਟਾਮਿਨ-ਸੀ ਦੇ ਸਰੋਤਾਂ, ਲਾਭ ਤੇ ਇਸ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ…
ਫਲਾਂ ਅਤੇ ਸਬਜ਼ੀਆਂ ਵਿਟਾਮਿਨ-ਸੀ ਦੇ ਮੁੱਖ ਸਰੋਤ ਹਨ। ਪਾਲਕ, ਕੇਲਾ, ਸਟ੍ਰਾਬੇਰੀ, ਸੰਤਰਾ, ਨਿੰਬੂ, ਕੀਵੀ, ਸ਼ਿਮਲਾ ਮਿਰਚ, ਅੰਗੂਰ ਤੇ ਹੋਰ ਫਲਾਂ ਤੇ ਸਬਜ਼ੀਆਂ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਆਂਵਲਾ ਤੇ ਦੁੱਧ ‘ਚ ਵੀ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ‘ਚੋਂ ਵਿਟਾਮਿਨ-ਸੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਵਿਟਾਮਿਨ-ਸੀ ਦੀ ਘਾਟ ਨਾਲ ਮਸੂੜਿਆਂ ‘ਚ ਸੋਜ ਤੇ ਖੂਨ ਆਉਣ ਲੱਗਦਾ ਹੈ ਤੇ ਨਾਲ ਹੀ ਮੂੰਹ ‘ਚੋਂ ਬਦਬੂ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਹੱਡੀਆਂ ਤੇ ਜੋੜਾਂ ‘ਚ ਦਰਦ ਹੋਣਾ ਵੀ ਵਿਟਾਮਿਨ-ਸੀ ਦੀ ਘਾਟ ਦਾ ਇੱਕ ਮੁੱਖ ਕਾਰਨ ਹੈ।
ਵਿਟਾਮਿਨ-ਸੀ ਬੀਪੀ (ਬਲੱਡ ਪ੍ਰੈਸ਼ਰ) ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਸਰੀਰ ‘ਚ ਵਿਟਾਮਿਨ-ਸੀ ਦੀ ਘਾਟ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।
ਵਿਟਾਮਿਨ-ਸੀ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਵਿਟਾਮਿਨ-ਸੀ ਅੱਖਾਂ ਤੇ ਦੰਦਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ। ਜੇ ਸਰੀਰ ‘ਚ ਇਸ ਵਿਟਾਮਿਨ-ਸੀ ਦੀ ਘਾਟ ਹੈ, ਤਾਂ ਤੁਹਾਨੂੰ ਅੱਖਾਂ ਅਤੇ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਸੀ ਸਰੀਰ ‘ਚ ਬਲੱਡ ਸ਼ੂਗਰ ਦੇ ਪੱਧਰ ‘ਤੇ ਕਾਬੂ ਰੱਖਦਾ ਹੈ ਤੇ ਸਰੀਰ ਦੀ ਸ਼ੂਗਰ ਦੀ ਬਿਮਾਰੀ ਤੋਂ ਰੱਖਿਆ ਕਰਦਾ ਹੈ।
ਵਿਟਾਮਿਨ-ਸੀ ਇੱਕ ਤਰ੍ਹਾਂ ਦਾ ਐਂਟੀ-ਆਕਸੀਡੈਂਟ ਹੈ ਜੋ ਇਮਊਨ ਸਿਸਟਮ ਨੂੰ ਵਧਾਉਂਦਾ ਹੈ ਤੇ ਇਨਫੈਕਸ਼ਨ ਨੂੰ ਰੋਕਦਾ ਹੈ। ਵਿਟਾਮਿਨ-ਸੀ ਦੀ ਕਮੀ ਨਾਲ ਸਰੀਰ ਦਾ ਇਮਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਸੀ ਸਰੀਰ ‘ਚ ਰੋਗ ਪ੍ਰਤੀਰੋਧਕ ਸ਼ਮਤਾ ਵੀ ਵਧਾਉਂਦਾ ਹੈ।