ਕੋਰੋਨਾਵਾਇਰਸ ਦੇ ਸੰਕਰਮਣ ਕਾਰਨ ਪੂਰੀ ਦੁਨੀਆ ਵਿੱਚ ਖੌਫ ਦਾ ਮਾਹੌਲ ਹੈ। ਇਸ ਖਤਰਨਾਕ ਵਾਇਰਸ ਕਾਰਨ ਚੀਨ ‘ਚ 259 ਲੋਕਾਂ ਦੀ ਮੌਤ ਹੋ ਗਈ ਹੈ ਤੇ 11,791 ਲੋਕਾਂ ਸੰਕਰਮਿਤ ਹੋਏ ਹਨ। ਇਸ ‘ਚ ਹੀ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਚੀਨ ਦੇ ਵੁਹਾਨ ‘ਚ ਫਸੇ 324 ਭਾਰਤੀ ਨਾਗਰਿਕਾਂ ਨੂੰ ਏਅਰਲਿਫਟ ਕੀਤਾ ਹੈ।
ਇਨ੍ਹਾਂ ‘ਚ 211 ਵਿਦਿਆਰਥੀ, 110 ਕਾਮਕਾਜੀ ਵਿਅਕਤੀ ਅਤੇ ਤਿੰਨ ਨਾਬਾਲਿਗ ਸ਼ਾਮਲ ਹਨ। 324 ‘ਚੋਂ 103 ਨੂੰ 14 ਦਿਨਾਂ ਲਈ ਛਾਵਲਾ ਸਥਿਤ ਆਈਟੀਬੀਪੀ ਸੈਂਟਰ ਅਤੇ ਬਾਕੀ ਲੋਕਾਂ ਨੂੰ ਫੌਜ ਵੱਲੋਂ ਮਾਨੇਸਰ ਵਿੱਚ ਤਿਆਰ ਸ਼ਿਵਿਰ ਲਜਾਇਆ ਗਿਆ । ਉਥੇ ਹੀ , ਵੁਹਾਨ ਵਿੱਚ ਬਾਕੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਅੱਜ ਏਅਰ ਇੰਡਿਆ ਦਾ ਇੱਕ ਹੋਰ ਜਹਾਜ਼ ਰਵਾਨਾ ਹੋਵੇਗਾ ।
ਏਅਰ ਇੰਡੀਆ ਦੇ ਡਬਲ ਡੈਕਰ ਬੋਇੰਗ ਬੀ-747 ਜੰਬੋ ਜਹਾਜ਼ ਨੇ ਸ਼ਨੀਵਾਰ ਸਵੇਰੇ ਵੁਹਾਨ ਦੇ ਤਿਆਨਹੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 324 ਭਾਰਤੀਆਂ ਨੂੰ ਲੈ ਕੇ ਉਡਾਣ ਭਰੀ ਤੇ ਸਵੇਰੇ 7.26 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ। ਜਹਾਜ਼ ‘ਚ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ 5 ਡਾਕਟਰਾਂ ਦੀ ਇੱਕ ਟੀਮ ਵੀ ਸ਼ਾਮਲ ਸੀ।
ਦੱਸ ਦਈਏ ਕਿ ਵੁਹਾਨ ਹੁਬੇਈ ਦੀ ਸੂਬਾਈ ਰਾਜਧਾਨੀ ਹੈ। ਇਹ ਖੇਤਰ ਕੋਰੋਨਾਵਾਇਰਸ ਦਾ ਮੁੱਖ ਕੇਂਦਰ ਬਿੰਦੂ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਵੀਰਵਾਰ ਭਾਰਤ ਵਿੱਚ ਚੀਨ ਦੇ ਰਾਜਦੂਤ ਨੇ ਸਲਾਹ ਦਿੱਤੀ ਸੀ ਕਿ ਭਾਰਤ ਨੂੰ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਦੀ ਜ਼ਰੂਰਤ ਨਹੀਂ ਹੈ ਤੇ ਨਾਲ ਹੀ ਉਨ੍ਹਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਸੀ। ਉੱਥੇ ਹੀ ਦੂਜੇ ਦੇਸ਼ ਜਿਵੇਂ ਅਮਰੀਕਾ ਅਤੇ ਜਾਪਾਨ ਵੱਲੋਂ ਵੀ ਵੁਹਾਨ ‘ਚੋਂ ਆਪਣੇ ਨਾਗਰਿਕਾਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ।
ਹੁਬੇਈ ਪ੍ਰਾਂਤ ਵਿੱਚ ਘੱਟੋਂ-ਘੱਟ 600 ਭਾਰਤੀਆਂ ਦੇ ਹੋਣ ਦੀ ਖਬਰ ਹੈ ਤੇ ਵਿਦੇਸ਼ੀ ਮੰਤਰਾਲਾ ਇਨ੍ਹਾਂ ਸਭ ਦੇ ਸੰਪਰਕ ਵਿੱਚ ਹੈ। ਜੋ ਵੀ ਭਾਰਤ ਆਉਣਾ ਚਾਹੁੰਦਾ ਹੈ ਉਸ ਨੂੰ ਫਿਲਹਾਲ ਆਪਣੇ ਦੇਸ਼ ਲਿਆਇਆ ਜਾਵੇਗਾ। ਸਭ ਤੋਂ ਪਹਿਲਾਂ ਹੁਬੇਈ ਦੀ ਰਾਜਧਾਨੀ ਵੁਹਾਨ ਅਤੇ ਇਸਦੇ ਨੇੜੇ ਤੇੜੇ ਦੇ ਇਲਾਕਿਆਂ ਤੋਂ ਭਾਰਤੀਆਂ ਨੂੰ ਕੱਢਿਆ ਜਾਵੇਗਾ ਜਿਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥੀ ਫਸੇ ਹੋਏ ਹਨ।