ਵਾਸ਼ਿੰਗਟਨ: ਅਮਰੀਕੀ ਟਰਾਂਸਪੋਰਟ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡੈਲਟਾ ਏਅਰਲਾਈਨਜ਼ ‘ਤੇ 50,000 ਡਾਲਰ (35,66,275 ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਏਅਰਲਾਈਨਜ਼ ‘ਤੇ ਦੋਸ਼ ਹੈ ਕਿ ਉਸ ਨੇ ਮੁਸਲਮਾਨ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਸੀ। ਵਿਭਾਗ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਉਸਨੇ ਡੈਲਟਾ ਨੂੰ ਵਿਤਕਰੇ ਭਰੀ ਚਾਲ ਚੱਲਣ ਵਿੱਚ ਸ਼ਾਮਲ ਪਾਇਆ ਗਿਆ। ਏਅਰਲਾਈਨਜ਼ ਨੇ ਤਿੰਨ ਯਾਤਰੀਆਂ ਨੂੰ ਕੱਢਣ ‘ਤੇ ਭੇਦਭਾਵ – ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕੀਤੀ।
ਮਿਲੀ ਜਾਣਕਾਰੀ ਮੁਤਾਬਕ 26 ਜੁਲਾਈ, 2016 ਦੀ ਇੱਕ ਘਟਨਾ ਵਿੱਚ ਪੈਰਿਸ ਦੇ ਚਾਰਲਸ ਡੀ ਗੌਲ (Charles de Gaulle) ਹਵਾਈ ਅੱਡੇ ‘ਤੇ ਇੱਕ ਮੁਸਲਮਾਨ ਜੋੜੇ ਨੂੰ ਡੈਲਟਾ ਫਲਾਈਟ 229 ਤੋਂ ਉਤਾਰ ਦਿੱਤਾ ਗਿਆ ਸੀ। ਦੋਨਾਂ ਮੁਸਾਫਰਾਂ ਵਾਰੇ ਇੱਕ ਯਾਤਰੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਦਾ ਰਵੱਈਆ ਕੁਝ ਠੀਕ ਨਹੀਂ ਹੈ। ਸ਼ਿਕਾਇਤ ਕਰਨ ਵਾਲੇ ਯਾਤਰੀ ਨੇ ਕਿਹਾ ਕਿ ਮਹਿਲਾ ਨੇ ਸਿਰ ‘ਤੇ ਦੁਪੱਟਾ ਲਪੇਟਿਆ ਹੋਇਆ ਅਤੇ ਵਿਅਕਤੀ ਨੇ ਆਪਣੀ ਘੜੀ ਵਿੱਚ ਕੁੱਝ ਲੁਕਾਇਆ ਹੋਇਆ ਸੀ।
ਫਲਾਈਟ ਅਟੈਂਡੈਂਟ ਨੇ ਕਿਹਾ ਕਿ ਉਸ ਨੇ ਕਈ ਵਾਰ ਵਿਅਕਤੀ ਨੂੰ ਅੱਲ੍ਹਾ ਸ਼ਬਦ ਲਿਖਦੇ ਹੋਏ ਮੈਸੇਜ ਕਰਦੇ ਵੇਖਿਆ। ਇਸ ਤੋਂ ਬਾਅਦ ਫਲਾਈਟ ਕੈਪਟਨ ਨੇ ਡੈਲਟਾ ਦੀ ਕਾਰਪੋਰੇਟ ਸਕਿਓਰਿਟੀ ਦੇ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ ਕਿ ਦੋਵੇਂ ਅਮਰੀਕੀ ਨਾਗਰਿਕ ਘਰ ਪਰਤ ਰਹੇ ਸਨ ਅਤੇ ਕਿਤੇ ਕੋਈ ਪਰੇਸ਼ਾਨੀ ਨਹੀਂ।
ਪਰ ਕੈਪਟਨ ਨੇ ਉਨ੍ਹਾਂ ਨੂੰ ਫਿਰ ਵੀ ਜਹਾਜ਼ ‘ਚ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ। ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਡੈਲਟਾ ਦੇ ਫਲਾਈਟ ਕੈਪਟਨ ਸਿਕਿਓਰਿਟੀ ਪ੍ਰੋਟੋਕਾਲ ਨੂੰ ਫਾਲੋ ਨਹੀਂ ਕਰ ਪਾਏ ਅਤੇ ਅਜਿਹਾ ਲਗਦਾ ਹੈ ਕਿ ਯਾਤਰੀਆਂ ਨੂੰ ਧਰਮ ਦੇ ਚਲਦੇ ਜਹਾਜ਼ ਤੋਂ ਉਤਾਰ ਦਿੱਤਾ ਗਿਆ।
ਆਦੇਸ਼ ਵਿੱਚ ਸ਼ਾਮਲ ਦੂਜੀ ਘਟਨਾ ਵਿੱਚ ਇੱਕ ਹੋਰ ਮੁਸਲਮਾਨ ਯਾਤਰੀ ਸ਼ਾਮਲ ਸੀ, ਜੋ 31 ਜੁਲਾਈ , 2016 ਨੂੰ ਨਿਊਯਾਰਕ ਲਈ ਐਮਸਟਰਡੈਮ ਵਿੱਚ ਫਲਾਈਟ 49 ‘ਤੇ ਸਵਾਰ ਹੋਇਆ ਸੀ ਜਿਸਨੂੰ ਵੀ ਹੋਰ ਯਾਤਰੀ ਦੀ ਸ਼ਿਕਾਇਤ ‘ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ।