ਚੰਡੀਗੜ੍ਹ : ਨਾਮਵਰ ਸਾਹਿਤਕ ਹਸਤੀਆਂ ਤਾਲਸਤਾਏ ਤੋਂ ਪੁਸ਼ਕਿਨ, ਗੋਗੋਲ ਤੋਂ ਚੈਖ਼ੋਵ, ਹਿਊਗੋ ਤੋਂ ਵੋਲਟੇਅਰ ਨੂੰ ਆਪਣੇ ਸ਼ਬਦਾਂ ਵਿੱਚ ਢਾਲਣ ਵਾਲੇ ਇੰਦਰ ਸਿੰਘ ਖਾਮੋਸ਼ ਅਮਰੀਕਾ ਵਿੱਚ ਅਕਾਲ ਚਲਾਣਾ ਕਰ ਗਏ। ਪੰਜਾਬੀ ਸਾਹਿਤ ਵਿੱਚ ਉਘੀਆਂ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਲਿਖ ਕੇ ਨਾਮਣਾ ਖੱਟਣ ਵਾਲੇ ਖਾਮੋਸ਼ 88 ਸਾਲਾਂ ਦੇ ਸਨ।
ਉਹਨਾਂ ਦਾ ਜੱਦੀ ਪਿੰਡ ਬਰਨਾਲਾ ਨੇੜੇ ਹਰੀਕੇ ਸੀ। 1989 ਵਿੱਚ ਅਧਿਆਪਕ ਦੀ ਨੌਕਰੀ ਤੋਂ ਸੇਵਾਮੁਕਤ ਹੋਣ ਮਗਰੋਂ ਖਾਮੋਸ਼ ਨੇ ਲਗਾਤਾਰ ਲਿਖਣਾ ਸ਼ੁਰੂ ਕੀਤਾ। ਕੁਝ ਸਾਲ ਪਹਿਲਾਂ ਉਹ ਆਪਣੀ ਧੀ ਕੋਲ ਅਮਰੀਕਾ ਜਾ ਕੇ ਰਹਿਣ ਲਗ ਪਏ ਸਨ। ਪੰਜ ਦਹਾਕਿਆਂ ਤੋਂ ਲੰਮੇ ਸਾਹਿਤਕ ਸਫਰ ਦੌਰਾਨ ਪਿਛਲੇ ਦੋ ਦਹਾਕਿਆਂ ਵਿੱਚ ਉਹਨਾਂ ਨੇ ਮਹਾਨ ਹਸਤੀਆਂ ਦੇ ਜੀਵਨ ‘ਤੇ ਆਧਾਰਤ ਨਾਵਲ ਲਿਖੇ।
ਇਹਨਾਂ ਵਿੱਚ ਲਿਓ ਤਾਲਸਤਾਏ ਦੇ ਜੀਵਨ ‘ਤੇ ਆਧਾਰਤ ‘ਕਾਫ਼ਿਰ ਮਸੀਹਾ’, ਨਿਕੋਲਾਈ ਗੋਗੋਲ ‘ਤੇ ਆਧਾਰਤ ‘ਆਦਰਸ਼ਾਂ ਦਾ ਵਣਜਾਰਾ’, ਐਨਤੋਨ ‘ਤੇ ‘ਸਮੁੰਦਰੀ ਕਬੂਤਰੀ’, ਫਯੋਦਰ ਦੋਸਤੋਵਸਕੀ ‘ਤੇ ‘ਕੁਠਾਲੀ ਪਿਆ ਸੋਨਾ’, ਪੁਸ਼ਕਿਨ ‘ਤੇ ‘ਹੁਸਨਪ੍ਰਸਤ’ ਅਤੇ ਵਿਕਟਰ ਹਿਊਗੋ ਦੇ ਜੀਵਨ ਉਪਰ ਆਧਾਰਤ ਜੀਵਨੀ ‘ਲਟ ਲਟ ਲਟ ਬਲੇ’ ਸ਼ਾਮਿਲ ਹਨ। ਇਹਨਾਂ ਲਿਖਤਾਂ ਲਈ ਪੰਜਾਬੀ ਸਾਹਿਤ ਜਗਤ ਵਿੱਚ ਇੰਦਰ ਸਿੰਘ ਖਾਮੋਸ਼ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ।