ਵਾਸ਼ਿੰਗਟਨ : ਸੀਨੀਅਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਸੰਧੂ ਸ੍ਰੀਲੰਕਾ ‘ਚ ਭਾਰਤ ਦੇ ਰਾਜਦੂਤ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ‘ਚ ਹਰਸ਼ਵਰਧਨ ਸ਼੍ਰਿੰਗਲਾ ਦੀ ਜਗ੍ਹਾ ‘ਤੇ ਨਿਯੁਕਤ ਕੀਤਾ ਗਿਆ ਹੈ। ਸ਼੍ਰਿੰਗਲਾ ਭਾਰਤ ਦੇ ਮੌਜੂਦਾ ਵਿਦੇਸ਼ ਸਕੱਤਰ ਵਿਜੇ ਗੋਖਲੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਵਿਜੇ ਗੋਖਲੇ ਇਸ ਮਹੀਨੇ ਦੇ ਆਖੀਰ ‘ਚ ਸੇਵਾਮੁਕਤ ਹੋਣ ਜਾ ਰਹੇ ਹਨ।
ਤਰਨਜੀਤ ਸਿੰਘ ਸੰਧੂ ਕੋਲ ਸੰਯੁਕਤ ਰਾਸ਼ਟਰ ‘ਚ ਕੰਮ ਕਰਨ ਦਾ ਤਜਰਬਾ ਵੀ ਹੈ। ਉਹ 24 ਜਨਵਰੀ 2007 ਤੋਂ ਸ੍ਰੀਲੰਕਾ ‘ਚ ਭਾਰਤ ਦੇ ਵਰਤਮਾਨ ਹਾਈ ਕਮਿਸ਼ਨਰ ਹਨ। ਸੰਧੂ 2013 ਤੋਂ 2017 ਤੱਕ ਵਾਸ਼ਿੰਗਟਨ ਡੀ.ਸੀ. ‘ਚ ਭਾਰਤ ਦੇ ਦੂਤਘਰ ‘ਚ ਮਿਸ਼ਨ ਦੇ ਉਪ ਮੁੱਖੀ ਦੇ ਰੂਪ ‘ਚ ਕੰਮ ਕਰ ਚੁੱਕੇ ਹਨ। ਉਹ ਸਤੰਬਰ 2011 ਤੋਂ ਜੁਲਾਈ 2013 ਤੱਕ ਫ੍ਰੈਂਕਫਰਟ ‘ਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਸੰਧੂ ਨੇ ਵਿਦੇਸ਼ ਮੰਤਰਾਲੇ ‘ਚ ਮਾਰਚ 2009 ਤੋਂ ਅਗਸਤ 2011 ਤੱਕ ਸੰਯੁਕਤ ਸਕੱਤਰ (ਸੰਯੁਕਤ ਰਾਸ਼ਟਰ) ਦੇ ਰੂਪ ‘ਚ ਤੇ ਬਾਅਦ ‘ਚ ਮਨੁੱਖੀ ਸਰੋਤ ਵਿਭਾਗ ‘ਚ ਸੰਯੁਕਤ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਸੰਧੂ ਵਾਸ਼ਿੰਗਟਨ ਡੀ.ਸੀ. ਸਰਕਲ ‘ਚ ਇਕ ਖਾਸ ਚਿਹਰਾ ਹਨ।