ਚੰਡੀਗੜ੍ਹ : ਉੱਘੇ ਸਮਾਜ ਸੇਵੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈਸਿਟੀ ਜ਼ੋਨ ਦੇ ਵਿੱਤ ਸਕੱਤਰ ਜਗਜੀਤ ਸਿੰਘ ਵਲੋਂ ਅੱਜ ਇਥੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 100ਵੀਂ ਵਾਰ ਖੂਨਦਾਨ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਸਪੁੱਤਰ ਅਵਨੀਤ ਸਿੰਘ ਨੇ ਵੀ ਇਸੇ ਪ੍ਰਰੰਪਰਾ ਨੂੰ ਜਾਰੀ ਰੱਖਦਿਆਂ ਪਹਿਲੀ ਵਾਰ ਖੂਨਦਾਨ ਕੀਤਾ। ਇਹ ਖੂਨਦਾਨ ਕੈਂਪ ਗੁਰੂ ਨਾਨਕ ਫਾਉਂਡੇਸ਼ਨ ਸਕੂਲ, ਚੱਪੜਚਿੜੀ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪੀ.ਜੀ.ਆਈ. ਬਲੱਡ ਬੈਂਕ ਚੰਡੀਗੜ੍ਹ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈਸਿਟੀ ਜ਼ੋਨ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ 100ਵੀਂ ਵਾਰ ਖੂਨ ਦਾਨ ਕਰਨ ਤੇ ਸ੍ਰ. ਜਗਜੀਤ ਸਿੰਘ ਨੂੰ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਂਕਾਰ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਅਤੇ ਮਿਲਨ ਕੌਰ ਨੇ ਸ਼ਿਰਕਤ ਕੀਤੀ।
ਜਗਜੀਤ ਸਿੰਘ ਨੇ ਵਿਸ਼ੇਸ਼ਕਰ ਨੌਜਵਾਨਾਂ ਅਤੇ ਸੰਗਤਾਂ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣ ਲਈ ਅਪੀਲ ਵੀ ਕੀਤੀ ਤਾਂ ਜੋ ਲੋੜ ਪੈਣ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਗੁਰੂ ਸਾਹਿਬਾਨ ਵਲੋਂ ਦਿੱਤੇ ਉਪਦੇਸ਼ਾਂ ਦੀ ਪਾਲਣਾ ਕੀਤੀ ਜਾ ਸਕੇ। ਗੁਰੂ ਗੋਬਿੰਦ ਸਿੰਘ ਸਟੱਡੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਅਤੇ ਸਮੁੱਚੀ ਟੀਮ ਵਲੋਂ ਇਸ ਉੱਦਮ ਅਤੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।