ਮਨੀਲਾ : ਤੁਸੀਂ ਕੁਝ ਲੋਕਾਂ ਨੂੰ ਇਹ ਕਹਿੰਦੇ ਆਮ ਸੁਣਿਆ ਹੋਵੇਗਾ ਕਿ, “ਸਫਲਤਾ ਅਤੇ ਦਰਦ ਦਾ ਬਹੁਤ ਕਰੀਬੀ ਰਿਸ਼ਤਾ ਹੁੰਦਾ ਹੈ ਜੇਕਰ ਦਰਦ ਸਹਿਣਾ ਸਿੱਖ ਲਿਆ ਤਾਂ ਸਫਲਤਾ ਜਰੂਰ ਮਿਲੂਗੀ ਤੇ ਜੇਕਰ ਦਰਦ ਤੋਂ ਡਰ ਗਏ ਤਾਂ ਫੇਰ ਅਸਫਲ ਹੋਣਾ ਪੱਕਾ ਹੈ”। ਇਹ ਗੱਲ ਕਿੰਨੀ ਕੁ ਸੱਚ ਹੈ ਇਹ ਤਾਂ ਪਤਾ ਨਹੀਂ ਪਰ ਤਾਜ਼ੀ ਵਾਪਰੀ ਘਟਨਾ ਨੂੰ ਦੇਖ ਕੇ ਇਹ ਸੱਚੀ ਜਰੂਰ ਪ੍ਰਤੀਤ ਹੋ ਰਹੀ ਹੈ। ਫਿਲਪੀਨਜ਼ ਦੀ 11 ਸਾਲਾ ਅਥਲੀਟ ਦੀ ਸਫਲਤਾ ਦੀ ਕਹਾਣੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇੱਥੇ ਇੰਟਰ ਸਕੂਲ ਅਥਲੈਟਿਕ ਮੀਟ ਦਾ ਆਯੋਜਨ ਈਲੋਇਲੋ ਪ੍ਰਾਂਤ ਦੇ ਇਕ ਸਥਾਨਕ ਸਕੂਲ ਵਿਖੇ ਕੀਤਾ ਗਿਆ ਸੀ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 11 ਸਾਲਾ ਦੀ ਰਿਆ ਬੁਲੋਸ ਨਾਮ ਦੀ ਇੱਕ ਲੜਕੀ ਨੇ ਬਿਨਾਂ ਜੁੱਤਿਆਂ ਦੇ ਸਕੂਲ ਦੀ 400 ਮੀਟਰ, 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਨਾ ਸਿਰਫ ਭਾਗ ਲਿਆ, ਬਲਕਿ ਜਿੱਤ ਨੂੰ ਵੀ ਯਕੀਨੀ ਬਣਾਇਆ।
ਰੀਆ ਦੀ ਸਫਲਤਾ ਨੂੰ ਸੋਸ਼ਲ ਮੀਡੀਆ ‘ਤੇ ਈਲੋਇਲੋ ਸਪੋਰਟਸ ਕੌਂਸਲ ਦੇ ਕੋਚ ਪ੍ਰੇਡਰਿਕ ਬੀ ਵੈਲੇਨਜ਼ੁਏਲਾ ਨੇ ਸਾਂਝਾ ਕੀਤਾ। ਇਸ ਪੋਸਟ ਵਿੱਚ ਰੀਆ ਨੇ ਜੁੱਤੀ ਨਹੀਂ ਪਾਈ ਹੋਈ। ਉਹ ਆਪਣੇ ਪੈਰਾਂ ਵਿਚ ਜੁੱਤੀਆਂ ਦੀ ਬਜਾਏ ਪੱਟੀਆਂ ਪਾਉਂਦੀ ਦਿਖਾਈ ਦੇ ਰਹੀ ਹੈ। ਕੋਚ ਅਨੁਸਾਰ, ਉਸ ਕੋਲ ਜੁੱਤੀਆਂ ਨਹੀਂ ਸਨ।
ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਸੈਂਕੜੇ ਵਿਅਕਤ਼ੀਆਂ ਨੇ ਰਿਆ ਲਈ ਨਵੇਂ ਜੁੱਤੇ ਦੇਣ ਦੀ ਪੇਸ਼ਕਸ਼ ਕੀਤੀ।