ਚੰਡੀਗੜ੍ਹ : ਸਰਕਾਰ ਵੱਲੋਂ ਹਰ ਦਿਨ ਨਵੇਂ ਨਵੇਂ ਤੋਂ ਪ੍ਰਾਜੈਕਟ ਲਾਂਚ ਕੀਤੇ ਜਾਂਦੇ ਰਹਿੰਦੇ ਹਨ। ਇਸੇ ਸਿਲਸਿਲੇ ‘ਚ ਪਾਰਦਰਸ਼ਤਾ ਲਿਆਉਣ ਅਤੇ ਸਮਾਰਟ ਵਿਲੇਜ ਪ੍ਰਾਜੈਕਟਾਂ ਬਾਰੇ ਨਾਗਰਿਕਾਂ ਤੋਂ ਫੀਡਬੈਕ ਲੈਣ ਦੇ ਮੰਤਵ ਨਾਲ ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਕ ਵਿਲੱਖਣ ਸਮਾਰਟ ਗ੍ਰਾਮ ਮੁਹਿੰਮ ਮੋਬਾਈਲ ਐਪਲੀਕੇਸ਼ਨ ‘ਐਸਵੀਸੀ-ਐਪ’ਦੀ ਸ਼ੁਰੂਆਤ ਕੀਤੀ ਹੈ। ਜਾਣਕਾਰੀ ਮੁਤਾਬਿਕ ਇਹ ਐਪ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿੱਚ ਹੈ ਅਤੇ ਗੂਗਲ ਪਲੇ ਸਟੋਰ ਅਤੇ ਐਪਲ ਆਈਓਐਸ ਸਟੋਰ ਉੱਤੇ ਉਪਲਬਧ ਹੈ। ਬਾਜਵਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਜਨਤਕ ਖੇਤਰ ਵਿੱਚ ਜਾਣਕਾਰੀ ਦੇਣ ਦੇ ਉਦੇਸ਼ ਨਾਲ ਐਪ ਉਪਲਬਧ ਕਰਵਾਈ ਗਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਐਪ ਵਿਚ ਇਕ ਸਿਟੀਜ਼ਨ ਇੰਟਰਫੇਸ ਹੈ ਜੋ ਕਿ ਕਿਸੇ ਵੀ ਨਾਗਰਿਕ ਨੂੰ ਰਾਜ ਭਰ ਵਿਚ ਮੁਹਿੰਮ ਤਹਿਤ ਪ੍ਰਾਜੈਕਟਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਆਗਿਆ ਦਿੰਦਾ ਹੈ।
ਐਪ ਵਿੱਚ ਕਾਰਜਾਂ ਅਤੇ ਅਨੁਮਾਨਾਂ ਦੀਆਂ ਤਸਵੀਰਾਂ ਅਤੇ ਕਈ ਪੱਧਰਾਂ ਤੇ ਡੈਸ਼ਬੋਰਡਸ ਹੋਣਗੇ, ਇਸ ਤਰ੍ਹਾਂ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਸਹਾਇਤਾ ਪ੍ਰਸ਼ਾਸ਼ਨ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਐਪ ‘ਸਮਾਰਟ ਵਿਲੇਜ’ ਬਣਾਉਣ ਵਿਚ ਮਹੱਤਵਪੂਰਣ ਰੋਲ ਅਦਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਸਰਕਾਰੀ ਯੋਜਨਾਵਾਂ ਦੀ ਪੂਰਤੀ ਅਤੇ ਬੁਨਿਆਦੀ ਢਾਂਚਾ, ਸਿਹਤ, ਸਿੱਖਿਆ ਅਤੇ ਵਾਤਾਵਰਣ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਦਿਹਾਤੀ ਖੇਤਰਾਂ ਵਿੱਚ ਹਾਲਤਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸਮਾਰਟ ਵਿਲੇਜ ਮੁਹਿੰਮ ਚਲਾਈ ਜਾ ਰਹੀ ਹੈ।
ਐਫਸੀ ਰੂਰਲ ਡਿਵੈਲਪਮੈਂਟ ਸੀਮਾ ਜੈਨ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਲਈ ਕੁੱਲ 796 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਇਸ ਮੁਹਿੰਮ ਤਹਿਤ 18808 ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੁਹਿੰਮ ਵਿੱਚ ਤਲਾਬਾਂ ਦੇ ਨਵੀਨੀਕਰਣ, ਸਟਰੀਟ ਲਾਈਟਾਂ, ਪਾਰਕਾਂ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਨਵਾੜੀ ਕੇਂਦਰ, ਸਮਾਰਟ ਸਕੂਲ ਅਤੇ ਸਾਲਿਡ ਵੇਸਟ ਮੈਨੇਜਮੈਂਟ ਵਰਗੇ ਕੰਮ ਸ਼ਾਮਲ ਹਨ, ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਨੂੰ ਵਾਤਾਵਰਣ ਨੂੰ ਸਮਰੱਥ ਬਣਾ ਕੇ ਸਵੈ-ਨਿਰਭਰ ਬਣਾਉਣਾ ਹੈ।