ਬੀਜਿੰਗ: ਚੀਨ ਨੇ ਆਰਟੀਫਿਸ਼ੀਅਲ ਇੰਟੈਲਿਜੇਂਸ (AI) ਦਾ ਪ੍ਰਯੋਗ ਕਰਕੇ ਫੇਕ ਨਿਊਜ਼ ਬਣਾਉਣ ਵਾਲਿਆਂ ‘ਤੇ ਰੋਕ ਲਗਾਉਂਦੇ ਹੋਏ ਇਸ ਸਬੰਧੀ ਨਵੇਂ ਨਿਯਮ ਜਾਰੀ ਕੀਤੇ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਏਆਈ ਦਾ ਪ੍ਰਯੋਗ ਕਰਕੇ ਫੇਕ ਨਿਊਜ਼ ਲਈ ਆਨਲਾਈਨ ਵੀਡੀਓ ਅਤੇ ਆਡੀਓ ਬਣਾਉਣ , ਉਸਨੂੰ ਸ਼ੇਅਰ ਕਰਨ ਤੇ ਪ੍ਰਸਾਰਿਤ ਕਰਨ ਦੀ ਆਗਿਆ ਨਹੀਂ ਹੋਵੇਗੀ । ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਇਹ ਨਿਯਮ ਇੱਕ ਜਨਵਰੀ 2020 ਤੋ ਪ੍ਰਭਾਵੀ ਹੋਣਗੇ ।
ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀਡੀਓ ਜਾਂ ਆਡੀਓ ਆਰਟੀਫਿਸ਼ੀਅਲ ਇੰਟੈਲਿਜੇਂਸ ਜਾਂ ਤਕਨੀਕ ਦੇ ਜ਼ਰੀਏ ਬਣਾਈ ਗਈ ਹੈ ਤਾਂ ਇਸ ਦੇ ਲਈ ਸਪੱਸ਼ਟ ਤੌਰ ਉੱਤੇ ਚਿਤਾਵਨੀ ਜਾਰੀ ਕਰਨੀ ਹੋਵੇਗੀ।
ਬਣਾਏ ਗਏ ਨਵੇਂ ਨਿਯਮਾਂ ਵਿੱਚ ਵਿਸ਼ੇਸ਼ ਤੌਰ ਉੱਤੇ ‘ਡੀਪਫੇਕ’ ਤਕਨੀਕ ਦੇ ਖਤਰਿਆਂ ‘ਤੇ ਚਿੰਤਾ ਜਤਾਈ ਗਈ ਹੈ। ਚੀਨ ਦੀ ਸਾਇਬਰਸਪੇਸ ਅਥਾਰਿਟੀ ਨੇ ਚਿਤਾਵਨੀ ਦਿੱਤੀ ਹੈ ਕਿ ‘ਡੀਪਫੇਕ’ ਤਕਨੀਕ ਨਾਲ ਜਿੱਥੇ ਸਮਾਜਿਕ ਵਿਵਸਥਾ ‘ਤੇ ਖ਼ਤਰਾ ਵਧਿਆ ਹੈ, ਉਥੇ ਹੀ ਦੇਸ਼ ਦੀ ਸਿਆਸੀ ਸਥਿਰਤਾ ‘ਤੇ ਨਕਾਰਾਤਮਕ ਪ੍ਰਭਾਵ ਵੀ ਪਿਆ ਹੈ।
2016 ਦੇ ਅਮਰੀਕੀ ਚੋਣ ਅਭਿਆਨ ਦੌਰਾਨ ਵੱਡੀ ਗਿਣਤੀ ਵਿੱਚ ਆਨਲਾਈਨ ਫੇਕ ਨਿਊਜ਼ ਦੀ ਵਰਤੋਂ ਤੋਂ ਬਾਅਦ ਇਸ ਨ੍ਹੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ।