ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਅੱਜ ਹੋਣ ਜਾ ਰਹੀ ਹੈ। ਇਸ ਲਈ ਐਸਜੀਪੀਸੀ ਦਾ ਜਨਰਲ ਇਜਲਾਸ ਸੱਦਿਆ ਗਿਆ ਹੈ। ਇਸ ਚੋਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਨਾਲ ਸਬੰਧਿਤ ਮੈਂਬਰਾਂ ਨੇ ਪ੍ਰਧਾਨਗੀ ਸਬੰਧੀ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ।
ਇਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦਾ ਨਾਮ ਚੁਣਿਆ ਜਾਵੇਗਾ ਅਤੇ ਇਸਦਾ ਖੁਲਾਸਾ ਅੱਜ ਹੋਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਦੌਰਾਨ ਹੋਵੇਗਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਸਨ।ਪਿਛਲੇ ਦੋ ਸਾਲਾਂ ਤੋਂ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੱਲੇ ਆ ਰਹੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਦਾ ਨਾਮ ਇਸ ਵੱਕਾਰੀ ਅਹੁਦੇ ਲਈ ਅੱਗੇ ਮੰਨਿਆ ਜਾ ਰਿਹਾ ਹੈ।
ਉਧਰ ਚਰਚਾ ਇਹ ਵੀ ਹੈ ਕਿ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਨਾਂ ਵੀ ਪ੍ਰਧਾਨਗੀ ਦੀ ਦੌੜ ‘ਚ ਬਰਕਰਾਰ ਹਨ ਹੁਣ ਫੈਸਲਾ ਸੁਖਬੀਰ ਬਾਦਲ ਦੇ ਹੱਥ ਹੈ ਕਿ ਮੈਂਬਰਾਂ ਨਾਲ ਕੀਤੀ ਰਾਇ ਤੋਂ ਬਾਅਦ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜਾਇਆ ਜਾਵੇਗਾ।