ਨਵੀਂ ਦਿੱਲੀ: ਆਪਣੀ ਗੱਲਾਂ ਨੂੰ ਲੈ ਕੇ ਅਕਸਰ ਵਿਵਾਦਾਂ ਵਿੱਚ ਰਹਿਣ ਵਾਲਾ ਬਾਬਾ ਨਿਤਿਆਨੰਦ ( Nithyananda ) ਦੇਸ਼ ਛੱਡ ਕੇ ਫਰਾਰ ਹੋ ਗਿਆ ਹੈ। ਖਬਰਾਂ ਮੁਤਾਬਕ ਬੁੱਧਵਾਰ ਨੂੰ ਨਿਤਿਆਨੰਦ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਵਿੱਚ ਉਸ ‘ਤੇ ਆਸ਼ਰਮ ‘ਚ ਬੱਚਿਆਂ ਨੂੰ ਕਥਿਤ ਤੌਰ ‘ਤੇ ਅਗਵਾਹ ਕਰਨ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਚੰਦਾ ਇਕੱਠਾ ਕਰਨ ਦੇ ਕੰਮ ਵਿੱਚ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਦੱਸ ਦੇਈਏ ਪਹਿਲਾਂ ਵੀ ਨਿਤਿਆਨੰਦ ‘ਤੇ ਕਰਨਾਟਕ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਹੈ।
ਖਬਰਾਂ ਇਹ ਵੀ ਹਨ ਕਿ ਨਿਤਿਆਨੰਦ ਤ੍ਰਿਨੀਦਦ ਤੇ ਟੋਬੈਗੋ ਟਾਪੂ (Trinidad and Tobago) ਵਿੱਚ ਹੈ। ਹਾਲਾਂਕਿ ਵਿਦੇਸ਼ੀ ਮੰਤਰਾਲੇ ਨੇ ਉਸ ਦੀ ਹਵਾਲਗੀ ਜਾਂ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ।
ਉੱਧਰ ਅਹਿਮਦਾਬਾਦ ਪੁਲਿਸ ਦਾ ਕਹਿਣਾ ਹੈ ਕਿ ਨਿਤਿਆਨੰਦ ਕਰਨਾਟਕ ਵਿੱਚ ਆਪਣੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ। ਉਸ ਨੂੰ ਇੱਥੇ ਲੱਭਣਾ ਸਮੇਂ ਦੀ ਬਰਬਾਦੀ ਹੋਵੇਗੀ ਉਸ ਦੇ ਭਾਰਤ ਆਉਣ ਤੋਂ ਬਾਅਦ ਹੀ ਉਸਨੂੰ ਗ੍ਰਿਫਤਾਰ ਕੀਤਾ ਜਾ ਸਕੇਗਾ।
ਦੱਸ ਦੇਈਏ ਗੁਜਰਾਤ ਦੇ ਅਹਿਮਦਾਬਾਦ ਵਿੱਚ ਨਿਤਿਆਨੰਦ ਯੋਗਿਨੀ ਸਰਵਗਿਆਪੀਠਮ ਦੇ ਨਾਮ ਤੋਂ ਆਪਣਾ ਆਸ਼ਰਮ ਚਲਾਉਂਦਾ ਹੈ। ਵੀਰਵਾਰ ਨੂੰ ਪੁਲਿਸ ਨੇ ਨਿਤਿਆਨੰਦ ਦੀ ਦੋ ਮਹਿਲਾ ਸਮਰਥਕਾਂ ਸਾਧਵੀ ਪ੍ਰਾਣ ਪ੍ਰਿਯਾਨੰਦ ਅਤੇ ਪ੍ਰਿਯਾਤਤਵ ਰਿੱਧੀ ਕਿਰਨ ਨੂੰ ਵੀ ਗਿਰਫਤਾਰ ਕੀਤਾ ਹੈ। ਦੋਵਾ ‘ਤੇ ਚਾਰ ਬੱਚਿਆਂ ਨੂੰ ਅਗਵਾਹ ਕਰਨ ਤੇ ਉਨ੍ਹਾਂ ਨੂੰ ਇੱਕ ਫਲੈਟ ਵਿੱਚ ਬੰਦੀ ਬਣਾ ਕੇ ਰੱਖਣ ਦਾ ਦੋਸ਼ ਹੈ। ਆਸ਼ਰਮ ਲਈ ਚੰਦਾ ਇਕੱਠੇ ਕਰਨ ਦੇ ਕੰਮ ਲਈ ਇਨ੍ਹਾਂ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।